Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਕਾਂਗਰਸ ਦੀ ਨਵੀਂ ਗਠਿਤ ਕੇਂਦਰੀ ਟੀਮ ਪੰਜਾਬ ਲਈ...

ਨਾਂ ਮੈਂ ਕੋਈ ਝੂਠ ਬੋਲਿਆ..?
ਕਾਂਗਰਸ ਦੀ ਨਵੀਂ ਗਠਿਤ ਕੇਂਦਰੀ ਟੀਮ ਪੰਜਾਬ ਲਈ ਅਹਿਮ ਇਸ਼ਾਰਾ

62
0


ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਦਸ ਮਬੀਨੇ ਬਾਅਦ ਆਪਣੀ ਕੌਮੀ ਕਾਰਜਕਾਰਨੀ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਜਿਸ ’ਚ ਕਾਂਗਰਸ ਪਾਰਟੀ ਦੇ ਦਿੱਗਜ ਨੇਤਾਵਾਂ ਤੋਂ ਇਲਾਵਾ ਨਵੇਂ ਅਤੇ ਨੌਜਵਾਨ ਚਿਹਰਿਆਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਇਸ ਲਿਸਟ ’ਚ ਵੱਡੀ ਗੱਲ ਇਹ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ ਤੋਂ ਪਾਰਟੀ ਨਾਲ ਮਨਮੁਟਾਵ ਕਰਕੇ ਦੂਰੀ ਬਣਾਈ ਬੈਠੇ ਕੁਝ ਆਗੂਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਬਣਾਈ ਗਈ ਟੀਮ ਆਉਣ ਵਾਲੀਆਂ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਮੌਕੇ ਕਾਂਗਰਸ ਨੇ ਪਾਰਟੀ ਨੂੰ ਸੰਗਠਿਤ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਅਗਵਾਈ ਵਿੱਚ ਬਣੇ ਇੰਡੀਆ ਸੰਗਠਨ ਨੂੰ ਵੀ ਮਜਬੂਤੀ ਨਾਲ ਇਕ ਸੂਤਰ ਵਿਚ ਬੰਨ੍ਹ ਕੇ ਰੱਖਣ ਦੀ ਵੀ ਵੱਡੀ ਅਤੇ ਅਹਿਮ ਜਿੰਮੇਨਾਰੀ ਹੈ। ਆਉਣ ਵਾਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਅਗੁਵਾਈ ਹੇਠ ਗਠਿਤ ਇੰਡੀਆ ਸੰਗਠਨ ਨੂੰ ਸੰਭਾਲਣਾ ਵੱਡੀ ਜ਼ਿੰਮੇਵਾਰੀ ਹੈ। ਇੰਡੀਆ ਨਾਮ ਦੇ ਸੰਗਠਨ ’ਚ ਸਾਰੀਆਂ ਭਾਜਪਾ ਵਿਰੋਧੀ ਖੇਤਰੀ ਪਾਰਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਸ ’ਚ ਕਈ ਪਾਰਟੀਆਂ ਸ਼ਾਮਲ ਹਨ ਜਿੰਨਾਂ ਦਾ ਵੱਖ-ਵੱਖ ਸੂਬਿਆਂ ’ਚ ਕਾਂਗਰਸ ਨਾਲ ਸਿੱਧਾ ਮੁਕਾਬਲਾ ਹੈ। ਇਸ ਲਈ ਇਨ੍ਹਾਂ ਸਾਰੇ ਸੂਬਿਆਂ ਦੀਆਂ ਖੇਤਰੀ ਇਕਾਈਆਂ ਕਾਂਗਰਸ ਹਾਈ ਕਮਾਂਡ ਦੇ ਇੰਡੀਆ ਸੰਗਠਨ ’ਚ ਰਹਿ ਕੇ ਇਕੱਠੇ ਚੋਣ ਲੜਨ ’ਤੇ ਇਤਰਾਜ਼ ਪ੍ਰਗਟ ਕਰ ਰਹੀਆਂ ਹਨ। ਉਨ੍ਹਾਂ ਸੂਬਿਆਂ ’ਚੋਂ ਪੰਜਾਬ ਇਕ ਅਹਿਮ ਸੂਬਾ ਹੈ। ਇਥੇ ਇੰਡੀਆ ਸੰਗਠਨ ’ਚ ਸ਼ਾਮਲ ਰਾਸ਼ਟਰੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਵਿਰੋਧੀ ਧਿਰ ’ਚ ਹੈ ਅਤੇ ਸਥਾਨਕ ਕਾਂਗਰਸ ਦੀ ਲੀਡਰਸ਼ਿਪ ਵੀ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਹੈ। ਸਰਕਾਰ ’ਚ ਮੁੱਖ ਮੰਤਰੀ ਅਤੇ ਮੰਤਰੀ ਰਹੇ ਵੱਡੇ ਨੇਤਾ ਆਪ ਸਰਕਾਰ ਦੇ ਨਿਸ਼ਾਨੇ ਤੇ ਹਨ ਅਤੇ ਕਈਆਂ ਤੇ ਭ੍ਰਿਟਾਤਾਰ ਤਹਿਤ ਕੇਸ ਦਰਜ ਕੀਤੇ ਗਏ ਹਨ ਅਤੇ ਕਈ ਹੋਰ ਵੀ ਨਿਸ਼ਾਨੇ ਤੇ ਰੱਖੇ ਹੋਏ ਹਨ। ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਹਰ ਫਰੰਟ ’ਤੇ ਮੋਰਚਾ ਖੋਲਿਆ ਹੋਇਆ ਹੈ। ਕੇਂਦਰੀ ਪੱਧਰ ’ਤੇ ਇੰਡੀਆ ਸੰਗਠਨ ਤਾਂ ਹੀ ਸਫਲ ਹੋ ਸਕੇਗਾ ਜੇਕਰ ਇਹ ਸਭ ਮਿਲ ਕੇ ਆਪਸੀ ਮਤਭੇਦ ਭੁਲਾ ਕੇ ਚੋਣ ਲੜਣਗੇ। ਜਿਸ ਦੇ ਤਹਿਤ ਪੰਜਾਬ ’ਚ ਵੀ ਇਹੀ ਸਥਿਤੀ ਪੈਦਾ ਹੋ ਜਾਵੇਗੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਚੋਣਾਂ ਲੜ ਸਕਦੀਆਂ ਹਨ। ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਖੁੱਲ ਕੇ ਵਿਰੋਧ ਕੀਤਾ ਹੈ ਅਤੇ ਖੁੱਲ੍ਹੇ ਤੌਰ ਤੇ ਐਲਾਨ ਕੀਤਾ ਹੈ ਕਿ ਪੰਜਾਬ ਕਾਂਗਰਸ ਇਕਾਈ ਆਮ ਆਦਮੀ ਨਾਲ ਹੋਏ ਸਮਝੌਤੇ ਤਹਿਤ ਚੋਣਾਂ ਨਹੀਂ ਲੜੇਗੀ। ਪੰਜਾਬ ਵਿਚ ਕਾਂਗਰਸ ਸਾਰੀਆਂ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ ਅਤੇ ਜਿੱਤੇਗੀ। ਪੰਜਾਬ ਵਿੱਚ ਸਾਡਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਦੀ ਇਹ ਬਿਆਨਬਾਜ਼ੀ ਕਾਂਗਰਸ ਹਾਈ ਕਮਾਂਡ ਚੱਕ ਵੀ ਪਹੁੰਚੀ ਹੈ ਅਤੇ ਇਨ੍ਹਾਂ ਨੇਤਾਵਾਂ ਵਲੋਂ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਵੀ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ। ਪਰ ਕੇਂਦਰੀ ਹਾਈਕਮਾਂਡ ਦੀ ਮਜਬੂਰੀ ਬਣ ਚੁੱਕੀ ਹੈ ਕਿ ਉਹ ਇੰਡੀਆ ਸੰਦਠਨ ਵਿਚ ਰਹਿ ਕੇ ਮਿਲ ਕੇ ਚੋਣ ਲੜੇ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਇਸ ਸਮੇਂ ਪੰਜਾਬ ਦੇ ਸਭ ਤੋਂ ਵੱਡੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀ ਨਵੀਂ ਐਲਾਨੀ ਗਈ ਟੀਮ ਵਿੱਚ ਥਾਂ ਨਹੀਂ ਦਿਤੀ। ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਟੀਮ ਵਿੱਚ ਅਹਿਮ ਥਾਂ ਦਿੱਤੀ ਹੈ ਅਤੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਸੂਬਾ ਇਕਾਈ ਨੂੰ ਫ਼ੈਸਲੇ ਅਨੁਸਾਰ ਹੀ ਅੱਗੇ ਵਧਣਾ ਪਵੇਗਾ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਜਿਹੇ ਚਿਹਰੇ ਹਨ ਜੋ ਕੇਂਦਰੀ ਲੀਡਰਸ਼ਿਪ ਦੀ ਗੱਲ ਨੂੰ ਕੱਟਣ ਦਾ ਹੌਂਸਲਾ ਨਹੀਂ ਰੱਖਦੇ ਅਤੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਆਸਾਨੀ ਨਾਲ ਕੰਮ ਕਰਨ ਲਈ ਤਿਆਰ ਹੋਣਗੇ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੇਂਦਰੀ ਹਾਈਕਮਾਂਡ ਵੱਲੋਂ ਕਿਸੇ ਵੀ ਥੋਪੇ ਗਏ ਫੈਸਲੇ ਦਾ ਵਿਰੋਧ ਕਰਨ ਸਕਦੇ ਹਨ ਅਤੇ ਹਾਈ ਕਮਾਂਡ ਤੋਂ ਬਾਗੀ ਹੋ ਸਕਦੇ ਹਨ। ਇਸ ਲਈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰੰਧਾਵਾ ਨੂੰ ਇਸ ਨਵੀਂ ਕਾਰਜਕਾਰਨੀ ਵਿੱਚ ਸ਼ਾਮਲ ਕਰਕੇ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਨੂੰ ਸਾਫ ਸੰਕੇਤ ਦੇ ਦਿਤਾ ਹੈ। ਹੁਣ ਰਾਜਾ ਵੜਿੰਗ ਅਤੇ ਬਾਜਵਾ ਨੂੰ ਕੇਂਦਰੀ ਕੇਂਦਰੀ ਟੀਮ ਵਿਚ ਸ਼ਾਮਲਲ ਨਾ ਕਰਨ ਅਤੇ ਚੰਨੀ ਅਤੇ ਰੰਧਾਵਾ ਨੂੰ ਅਹਿਮ ਸਥਾਨ ਦੇਣ ਤੇ ਪੰਜਾਬ ਦੀ ਰਾਜਨੀਤੀ ਵਿਚ ਸੁਗਬੁਗਾਹਟ ਸ਼ੁਰੂ ਹੋ ਚੁੱਕੀ ਹੈ। ਹੁਣ ਪੰਜਾਬ ਦੀ ਰਾਜਨੀਤੀ ਦਾ ਊੰਠ ਕਿਸ ਕਰਵਟ ਬੈਠੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here