ਜਗਰਾਉਂ, 21 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਪੈਦਲ ਆਪਣੇ ਘਰ ਜਾ ਰਹੇ ਇੱਕ ਰਾਹਗੀਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸਦਾ ਮੋਬਾਈਲ ਖੋਹ ਕੇ ਫਰਾਰ ਹੋਣ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤਚੇ ਲੁੱਟਿਆ ਹੋਇਆ ਮੋਬਾਇਲ ਫੋਨ ਉਸ ਪਾਸੋਂ ਬਰਾਮਦ ਕਰ ਲਿਆ ਗਿਆ ਹੈ। ਬੱਸ ਅੱਡਾ ਪੁਲੀਸ ਚੌਕੀ ਦੇ ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਵਾਸੀ ਕੋਠੇ ਫਤਿਹਦੀਨ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਜੈਨ ਮੰਦਰ ਨੇੜੇ ਗਰੇਵਾਲ ਪਾਰਕਿੰਗ ਵਿੱਚ ਆਪਣੀ ਹਾਈਡਰਾ ਮਸ਼ੀਨ ਪਾਰਕ ਕਰਕੇ ਤਹਿਸੀਲ ਚੌਕ ਜਗਰਾਉਂ ਤੋਂ ਪੈਦਲ ਆਪਣੇ ਘਰ ਜਾ ਰਿਹਾ ਸੀ। ਮੈਂ ਆਪਣੇ ਚਾਚੇ ਦੇ ਲੜਕੇ ਜੱਸੇ ਨੂੰ ਫ਼ੋਨ ਕਰਨ ਲਈ ਫ਼ੋਨ ਕੱਢ ਕੇ ਗੱਲ ਕਰ ਰਿਹਾ ਸੀ। ਜਦੋਂ ਮੈਂ ਤਹਿਸੀਲ ਵਾਲਾ ਚੌਂਕ ਤੋਂ ਸ਼ਰਾਬ ਦੇ ਠੇਕੇ ਨੂੰ ਪਾਰ ਕੀਤਾ ਤਾਂ ਸਾਹਮਣੇ ਤੋਂ ਦੋ ਲੜਕੇ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਆਏ। ਜਿਨਾਂ ਨੇ ਆਪਣਾ ਮੋਟਰਸਾਈਕਲ ਮੇਪੇ ਨਜਦੀਕ ਕਰਕੇ ਮੈਨੂੰ ਰੋਕ ਲਿਆ ਅਤੇ ਕੋਈ ਤਿੱਖਾ ਹਥਿਆਰ ਦਿਖਾ ਕੇ ਕਿਹਾ ਕਿ ਤੇਰੇ ਕੋਲ ਜੋ ਵੀ ਹੈ, ਉਹ ਕੱਢ ਦਿਓ। ਇਸੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਲੜਕੇ ਨੇ ਮੇਰਾ ਮੋਬਾਈਲ ਫੋਨ ਖੋਹ ਲਿਆ ਅਤੇ ਦੋਵੇਂ ਮੋਟਰਸਾਈਕਲ ’ਤੇ ਵਾਪਸ ਸ਼ੇਰਪੁਰ ਚੌਕ ਵੱਲ ਨੂੰ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੱਧਰ ’ਤੇ ਇਨ੍ਹਾਂ ਵਿਅਕਤੀਆਂ ਦੀ ਪੜਤਾਲ ਸ਼ੁਰੂ ਕੀਤੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਨੇ ਇਨ੍ਹਾਂ ਲੜਕਿਆਂ ਨੂੰ ਸ਼ੇਰਪੁਰ ਫਾਟਕ , ਜਗਰਾਓਂ ਨੇੜੇ ਕਿਤੇ ਦੇਖਿਆ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਜਸਕਰਨ ਸਿੰਘ ਵਾਸੀ ਲੰਡੇ ਫਾਟਕ ਜਗਰਾਉਂ ਅਤੇ ਅਜੇ ਪਾਸਵਾਨ, ਕਿਰਾਏਦਾਰ ਗੁਰਵਿੰਦਰ ਕੌਰ ਵਾਸੀ ਸ਼ੇਰਪੁਰ ਫਾਟਕ ਜਗਰਾਉਂ ਨੇ ਉਸ ਤੋਂ ਮੋਬਾਈਲ ਫੋਨ ਖੋਹਿਆ ਸੀ। ਸੁਖਚੈਨ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰਕੇ ਅਜੈ ਪਾਸਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਸੁਖਚੈਨ ਸਿੰਘ ਕੋਲੋਂ ਖੋਹਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ। ਜਦਕਿ ਇਸ ਦੇ ਦੂਜੇ ਸਾਥੀ ਜਸਕਰਨ ਸਿੰਘ ਦੀ ਭਾਲ ਜਾਰੀ ਹੈ। ਉਸ ਨੂੰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।