ਅੰਮਿ੍ਤਸਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਥਾਣਾ ਏਅਰ ਪੋਰਟ ਦੀ ਪੁਲਿਸ ਪਾਰਟੀ ਵੱਲੋਂ ਪਿਸਤੌਲ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਸਰਗਰਮ ਗੈਂਗ ਦਾ ਪਰਦਾਫਾਸ਼ ਕਰ ਕੇ 3 ਮੁਲਜ਼ਮਾਂ ਨੂੰ ਕਾਬੂ ਅਤੇ 2 ਪਿਸਤੌਲਾਂ ਤੇ 1 ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਸਿਟੀ ਟੂ ਪ੍ਰਭਜੋਤ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਸੀਪੀ, ਏਅਰਪੋਰਟ ਜਸਵੀਰ ਸਿੰਘ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਕੁਲਜੀਤ ਕੌਰ, ਮੁੱਖ ਅਫ਼ਸਰ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਏਐੱਸਆਈ ਰਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ 3 ਵਿਅਕਤੀਆਂ ਨੂੰ ਕਾਬੂ ਕਰ ਕੇ 2 ਪਿਸਤੌਲਾਂ .32 ਬੋਰ ਸਮੇਤ 5 ਕਾਰਤੂਸ, ਖਿਡੋਣਾ ਪਿਸਤੌਲ ਅਤੇ 1 ਲੋਹੇ ਦੀ ਕਿਰਚ ਬਰਾਮਦ ਕੀਤੀ ਹੈ। ਏਡੀਸੀਪੀ ਸਿਟੀ-2 ਨੇ ਦੱਸਿਆ ਕਿ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੱਲ ਸਿੰਚਦਰ ਤੋਂ ਕੱਚਾ ਰਸਤਾ ਮੜੀਆਂ ਵੱਲ ਨੂੰ ਜਾ ਰਿਹਾ ਸੀ ਕਿ ਜਦੋਂ ਪੁਲਿਸ ਪਾਰਟੀ ਮੜ੍ਹੀਆ ਦੇ ਨਜ਼ਦੀਕ ਖੇਤਰ ਵਿਖੇ ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਖੇਤਾਂ ਵੱਲ ਨੂੰ ਦੌੜ ਪਏ। ਪੁਲਿਸ ਪਾਰਟੀ ਵੱਲੋਂ ਪਿੱਛਾ ਕਰ ਕੇ ਬੜੀ ਮੁਸ਼ਤੈਦੀ ਨਾਲ ਇਕ ਨੌਜਵਾਨ ਕਰਨ ਮਸੀਹ ਵਾਸੀ ਪਿੰਡ ਪਿੰਡੀ ਥਾਣਾ ਘਣੀਆ-ਕੇ-ਬਾਗਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰ ਕੇ ਇਸ ਪਾਸੋਂ ਇਕ ਖਿਡੌਣਾ ਪਿਸਤੌਲ ਅਤੇ ਇਕ ਲੋਹੇ ਦੀ ਕਿਰਚ ਬਰਾਮਦ ਕੀਤੀ ਗਈ। ਇਸ ਪਾਸੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ ‘ਤੇ ਇਕ ਪਿਸਤੌਲ .32 ਬੋਰ ਹੋਰ ਬਰਾਮਦ ਕੀਤਾ ਗਿਆ।ਇਸ ਦੇ ਮੌਕੇ ਤੋਂ ਭੱਜ ਨਿਕਲੇ 2 ਹੋਰ ਸਾਥੀਆਂ ਸਾਗਰ ਸ਼ਰਮਾ ਉਰਫ਼ ਚੋਪੜਾ ਵਾਸੀ ਪਿੰਡ ਧਿਆਨਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਮਦਨ ਮਸੀਹ ਉਰਫ ਮੱਟੂ ਵਾਸੀ ਪਿੰਡ ਡਾਲੇ ਚੱਕ ਜ਼ਿਲ੍ਹਾ ਗੁਰਦਾਸਪੁਰ ਨੂੰ 18 ਮਾਰਚ ਨੂੰ ਗਿ੍ਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਇਕ ਪਿਸਤੌਲ .32 ਬੋਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮਾਂ ਨੇ ਇਕ ਗੈਂਗ ਬਣਾਇਆ ਹੈ ਤੇ ਇਹ ਰਾਤ ਸਮੇਂ ਰਾਹਗੀਰਾਂ ਪਾਸੋਂ ਲੁੱਟ-ਖੋਹ ਕਰਦੇ ਸਨ। ਉਸ ਦਿਨ ਵੀ ਇਹ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਸਨ, ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਦਨ ਮਸੀਹ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ, ਜਿਵੇਂ ਕਿ ਮੁਕੱਦਮਾ ਐੱਨਡੀਪੀਸੀ ਐਕਟ ਥਾਣਾ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ, ਮੁਕੱਦਮਾ ਅਸਲਾ ਐਕਟ ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ, ਮੁਕੱਦਮਾ ਅਸਲਾ ਐਕਟ ਥਾਣਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ, ਮੁਕੱਦਮਾ ਐੱਨਡੀਪੀਸੀ ਐਕਟ ਥਾਣਾ ਘੁੰਮਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਾਗਰ ਸ਼ਰਮਾ ਖ਼ਿਲਾਫ਼ ਮੁਕੱਦਮਾ ਐੱਨਡੀਪੀਸੀ ਐਕਟ ਥਾਣਾ ਕੋਟਲੀ ਸੂਰਤ ਮੱਲ੍ਹੀਆਂ ਜ਼ਿਲ੍ਹਾ ਗੁਰਦਾਸਪੁਰ ਦਰਜ ਹੈ।
