ਬਠਿੰਡਾ (ਭਗਵਾਨ ਭੰਗੂ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਇਕ ਵੀਡੀਓ ਰਾਹੀਂ ਉਸਨੂੰ ਲੋਕਲ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਨਵ ਜਨਮੇ ਪੁੱਤਰ ਦੇ ਸਬੂਤ ਮੰਗੇ ਜਾਣ ਦੇ ਲਾਏ ਦੋਸ਼ਾਂ ਬਾਅਦ ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਐਸਐਸਪੀ ਅੱਜ ਉਸ ਨਿੱਜੀ ਹਸਪਤਾਲ ਪੁੱਜੇ, ਜਿੱਥੇ ਸਿੱਧੂ ਦੀ ਮਾਤਾ ਚਰਨ ਕੌਰ ਦਾਖਲ ਹਨ। ਉਨ੍ਹਾਂ ਬੰਦ ਕਮਰੇ ‘ਚ ਬਲਕੌਰ ਸਿੰਘ ਨਾਲ ਕਾਫ਼ੀ ਸਮਾਂ ਗੱਲਬਾਤ ਕੀਤੀ। ਹਾਲਾਕਿ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਰਿਵਾਰ ਨਾਲ ਚੰਗੇ ਸਬੰਧ ਹਨ ਜਿਸ ਕਾਰਨ ਉਹ ਨਿੱਜੀ ਤੌਰ ’ਤੇ ਹੀ ਪਰਿਵਾਰ ਨੂੰ ਮਿਲਣ ਲਈ ਆਏ ਸਨ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਮਾਤਾ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ‘ਚ ਆਈਵੀਐਫ਼ ਤਨਕੀਕ ਰਾਹੀ ਬੱਚੇ ਨੂੰ ਜਨਮ ਦੇਣ ਦੇ ਮਾਮਲੇ ‘ਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਦੇ ਵਿਭਾਗ ਮਨਿਸਟਰੀ ਆਫ਼ ਹੈਲਥ ਅਤੇ ਫੈਮਲੀ ਵੈਲਫੇਅਰ ਨੇ ਮਾਮਲੇ ਦੀ ਜਾਂਚ ਲਈ ਕਿਹਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕੀਤੀ ਸੀ ਜਿਸਦਾ ਕਾਫ਼ੀ ਰੌਲਾ ਰੱਪਾ ਵੀ ਪਿਆ। ਉਹਨਾਂ ਕਿਹਾ ਸੀ ਕਿ ਲੋਕਲ ਪ੍ਰਸ਼ਾਸਨ ਉਸ ਦੇ ਨਾਮ ਜਨਮ ਬੱਚੇ ਸ਼ੁਭਦੀਪ ਦੇ ਸਬੂਤ ਮੰਗ ਰਿਹਾ ਹੈ। ਬਲਕੌਰ ਸਿੰਘ ਨੇ ਸਖ਼ਤ ਲਹਿਜੇ ‘ਚ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਸੀ।ਮੰਗਲਵਾਰ ਯਾਨੀ ਅੱਜ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਐਕਸ ਹੈਂਡਲ ‘ਤੇ ਇਕ ਟਵੀਟ ਕਰ ਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਆਈਵੀਐੱਫ ਰਾਹੀਂ ਨਵਜੰਮੇ ਬੱਚੇ ਸਬੰਧੀ ਸਬੂਤ ਪੰਜਾਬ ਸਰਕਾਰ ਨੇ ਨਹੀਂ ਬਲਕਿ ਕੇਂਦਰ ਸਰਕਾਰ ਨੇ ਮੰਗੇ ਹਨ। ਇਸ ਸਬੰਧਾ ਬਾਕਾਇਦਾ ਇਕ ਪੱਤਰ ਵੀ ਸਾਂਝਾ ਕੀਤਾ ਹੈ। ਟਵੀਟ ‘ਚ ਲਿਖਿਆ ਹੈ, ‘ਦਰਅਸਲ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ ਆਈ.ਵੀ.ਐਫ਼. ਇਲਾਜ ਦੀ ਰਿਪੋਰਟ ਦੀ ਮੰਗ, ਕੇਂਦਰ ਦੀ @BJP4India ਸਰਕਾਰ ਵੱਲੋਂ ਕੀਤੀ ਗਈ ਹੈ…ਮੁੱਖ ਮੰਤਰੀ @BhagwantMann ਪੰਜਾਬੀਆਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ, ਪਰ ਇਨ੍ਹਾਂ ਕਾਗ਼ਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਸਮੂਹ ਪੰਜਾਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ।’ਸਿੱਧੂ ਮੁਸੇਵਾਲਾ ਦੇ ਪਰਿਵਾਰ ਨੂੰ ਭੇਜੀ ਚਿੱਠੀ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਚਿੱਠੀ ਕੇਂਦਰ ਸਰਕਾਰ ਵਲੋਂ ਹੈ, ਸਾਡੇ ਵਲੋਂ ਸਿੱਧੂ ਪਰਿਵਾਰ ਨੂੰ ਮੁਬਾਰਕਾਂ। ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ਮਾੜੀ ਹੈ ਤੇ ਚਾਲਾਂ ਚੱਲ ਰਹੀ ਹੈ।
