ਏ ਆਈ ਜੀ ਆਸ਼ੀਸ਼ ਕਪੂਰ ਨੂੰ ਪੁਲਸ ਨੇ ਰਿਸ਼ਵਤ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੀ ਵਧੇਰੇ ਤਨਖਾਹ ਲੈਣ ਵਾਲੇ ਵਧੇਰੇਤਰ ਉੱਚ ਅਧਿਕਾਰੀ ਭ੍ਰਿਸ਼ਟਾਚਾਰ ’ਚ ਪੂਰੀ ਤਰ੍ਹਾਂ ਨਾਲ ਗਲਤਾਣ ਹੋ ਚੁੱਕੇ ਹਨ ਕਿ ਉਨ੍ਹੰ ਅੱਗੇ ਆਮ ਆਦਮੀ ਬੇਵੱਸ ਨਜ਼ਰ ਆਉਂਦਾ ਹੈ। ਹਮੇਸ਼ਾ ਤੋਂ ਹੀ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਤੁਸੀਂ ਬਿਨਾਂ ਪੈਸੇ ਦਿੱਤੇ ਕਿਸੇ ਵੀ ਸਰਕਾਰੀ ਦਫਤਰ ਵਿਚ ਆਪਣਾ ਕੋਈ ਜਡਾਇਜ ਕੰਮ ਵੀ ਨਹੀਂ ਕਰਵਾ ਸਕਦੇ। ਭ੍ਰਿਸ਼ਟਾਚਾਰ ਹਮੇਸ਼ਾ ਹੀ ਰਾਜਨੀਤਿਕ ਪਾਰਟੀਆਂ ਦਾ ਬੇ -ਹੱਦ ਪਸੰਦੀਦਾ ਵਿਸ਼ਾ ਰਿਹਾ ਹੈ। ਜਿਸਨੂੰ ਲੈ ਕੇ ਸਾਰੀਆਂ ਪਾਰਟੀਆਂ ਇਕ ਦੂਜੇ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਸੱਤਾਧਾਰੀ ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਹਮੇਸ਼ਾ ਕਟਿਹਰੇ ਵਿਚ ਖੜ੍ਹਾ ਕਰਦੀਆਂ ਹਨ। ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਹੀ ਲੈ ਕੇ ਅਕਸਰ ਰਾਜਨੀਤਿਕ ਪਾਰਟੀਆਂ ਸੱਤਾਧਾਰੀ ਪਾਰਟੀ ਨੂੰ ਕੁਰਸੀ ਤੋਂ ਲਾਂਭੇ ਕਰਨ ਲਈ ਬਿਆਨਬਾਜ਼ੀ ਕਰਦੀਆਂ ਹਨ। ਕਿਸੇ ਇੱਕ ਪਾਰਟੀ ਦੀ ਸਰਕਾਰ ਆਈ ਭਾਵੇਂ ਦੂਜੀ ਪਾਰਟੀ ਦੀ ਸਰਕਾਰ ਆਈ ਪਰ ਭ੍ਰਿਸ਼ਟਾਚਾਰ ਦਾ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਜਿਸ ਵਿੱਚ ਹਰ ਸਾਲ ਸਰਕਾਰੀ ਤੰਤਰ ਦੇ ਅਧਿਕਾਰੀ ਪਹਿਲਾਂ ਨਾਲੋਂ ਵੱਧ ਤਰੱਕੀ ਕਰਦੇ ਗਏ ਹਨ। ਸਾਰੀਆਂ ਹੀ ਰਾਜਨਮੀਤਿਕ ਪਾਰਟੀਆਂ ਦੇ ਆਗੂ ਵੀ ਇਹ ਸਭ ਭਲੀਭਾਂਤੀ ਜਾਣਦੇ ਹਨ। ਅਜਿਹੇ ਵੀ ਸਰਕਾਰੀ ਅਧਿਕਾਰੀਆਂ ਦੇਖੇ ਜਾ ਸਕਦੇ ਹਨ ਜੋ ਆਪਣੀ ਮਹੀਨਾਵਾਰ ਤਨਖਾਹ ਦੇ ਪੈਸਿਆਂ ਨੂੰ ਛੇੜਦੇ ਵੀ ਨਹੀਂ ਬਲਕਿ ਉਪਰਲੀ ਕਮਾਈ ਤੋਂ ਹੀ ਸਭ ਕੁਝ ਚੱਲਦਾ ਹੈ। ਉਸਦੇ ਬਾਵਜੂਦ ਵੀ ਉਹ ਕਰੋੜਾਂ-ਅਰਬਾਂ ਰੁਪਏ ਦੇ ਮਾਲਕ ਹਨ। ਇਥੇ ਇਹ ਇਕ ਆਸ਼ੀਸ਼ ਕਪੂਰ ਦੀ ਗੱਲ ਨਹੀਂ, ਸੈਂਕੜੇ ਅਜਿਹੇ ਅਧਿਕਾਰੀ ਹਨ। ਜਿਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ। ਅਜਿਹਾ ਨਹੀਂ ਹੈ ਕਿ ਅੱਜ ਤੱਕ ਅਜਿਹੇ ਮਾਮਲਿਆਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕੋਈ ਅਧਿਕਾਰੀ ਨਹੀਂ ਫੜਿਆ ਗਿਆ। ਅਨੇਕਾਂ ਅਫਸਰ ਫੜੇ ਗਏ ਹਨ ਪਰ ਅੱਜ ਤੱਕ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਵਿਚ ਫੜੇ ਗਏ ਅਧਿਕਾਰੀ ਜਾਂ ਲੀਡਰ ਦੀ ਭ੍ਰਿਸ਼ਟਾਚਾਰ ਤੋਂ ਕਮਾਈ ਗਈ ਦੌਲਤ ਅਤੇ ਜਾਇਦਾਦ ਸਰਕਾਰੀ ਖਜ਼ਨੇ ਵਿਚ ਜਬਤ ਕੀਤੀ ਹੋਵੇ। ਪੰਜਾਬ ਵਿੱਚ ਇੱਕ ਮਸ਼ਹੂਰ ਕਹਾਵਤ ਹੈ ਕਿ ‘‘ ਰਿਸ਼ਵਤ ਲੈਂਦਾ ਫੜਿਆ ਗਿਆ, ਰਿਸ਼ਵਤ ਦੇ ਕੇ ਛੁੱਟ ਗਿਆ ’’ ਇਹ ਕਹਾਵਤ ਬਿਲਕੁੱਲ 100% ਸਹੀ ਹੈ। ਜੇਕਰ ਭ੍ਰਿਸ਼ਟਾਚਾਰ ਨੂੰ ਸੱਚਮੁੱਚ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਿਆਸੀ ਲੋਕਾਂ ’ਤੇ ਨਜ਼ਰ ਰੱਖਣੀ ਪਵੇਗੀ। ਸਿਆਸੀ ਲੋਕ ਕਿਸੇ ਪਿੰਡ ਦੇ ਸਰਪੰਚ ਤੋਂ ਲੈ ਕੇ ਵਿਧਾਇਕ ਅਤੇ ਸੰਸਦ ਮੈਂਬਰ ਤੱਕ ਵੀ ਪੜਕਾਲ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਇਹ ਆਉਂਦੇ ਹਨ ਕਿ ਇਹ ਲੋਕ ਆਪਣੀ ਇਕੋ ਹੀ ਟਰਮ ਵਿਚ ਬਿਨ੍ਹਾਂ ਕੋਈ ਕੰਮ ਕੀਤੇ ਆਮਦਨੀ ਵਿਚ ਕਈ ਗੁਣਾ ਵਾਧਾ ਕਰ ਲੈਂਦੇ ਹਨ। ਅੱਜ ਦੇ ਸਮੇਂ ਵਿਚ ਸਿਆਸਤ ਇੱਕ ਅਜਿਹਾ ਧੰਦਾ ਬਣ ਗਈ ਹੈ, ਜਿਸ ਵਿੱਚ 5 ਸਾਲਾਂ ਵਿੱਚ ਆਮਦਨ ਕਈ ਗੁਣਾ ਵੱਧ ਜਾਂਦੀ ਹੈ ਅਤੇ ਕੰਮ ਕੋਈ ਨਹੀਂ ਹੁੰਦਾ। ਜੇਕਰ ਸਿਆਸੀ ਲੋਕ ਅਫਸਰਸ਼ਾਹੀ ਤੋਂ ਪੈਸੇ ਲੈਣਾ ਬੰਦ ਕਰ ਦਿੰਦੇ ਹਨ ਤਾਂ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਆਪਣੇ-ਆਪ ਖਤਮ ਹੋ ਜਾਵੇਗਾ। ਜਦੋਂ ਇੱਕ ਸਿਆਸੀ ਵਿਅਕਤੀ ਆਪਣੇ ਤੋਂ ਹੇਠਲੇ ਪੱਧਰ ਦੇ ਉੱਚ ਅਧਿਕਾਰੀਆਂ ਤੋਂ ਭ੍ਰਿਸ਼ਟਾਚਾਰ ਦੇ ਰਸਤੇ ਹਿੱਸਾ ਪੱਤੀ ਲੈਂਦਾ ਹੈ ਤਾਂ ਅਫਸਰ ਹੇਠਲੇ ਅਫਸਰਾਂ ’ਤੇ ਦਬਾਅ ਪਾਉਂਦਾ ਹੈ। ਇਸ ਤਰ੍ਹਾਂ ਇਹ ਕਾਲੀ ਕਮਾਈ ਦਾ ਅਧਿਕਾਰ ਦਰਜਾ ਚਾਰ ਮੁਲਾਜਮਾਂ ਤੱਕ ਪਹੁੰਚ ਜਾਂਦਾ ਹੈ। ਜੋ ਕਰਮਚਾਰੀ ਹੇਠੋਂ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਅਫਸਰਸ਼ਾਹੀ ਦੇ ਪੱਧਰ ਦੇ ਅਨੁਸਾਰ ਉਹ ਅੱਗੇ ਵਧਦਾ ਜਾਂਦਾ ਹੈ। ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਜੋ ਕਾਲੀ ਕਮਾਈ ਹੁੰਦੀ ਹੈ ਉਸਦਾ ਬਣਦਾ ਹਿੱਸਾ ਹਰੇਕ ਕਰਮਚਾਰੀ/ ਅਧਿਕਾਰੀ ਆਪਣੇ ਪਾਸ ਪਹਿਲਾਂ ਰੱਖਕੇ ਬਾਕੀ ਅੱਗੇ ਦਿੰਦਾ ਹੈ। ਹੇਠਾਂ ਤੋਂ ਉੱਪਰ ਤੱਕ ਲੁੱਟ ਸਿਰਫ ਆਮ ਆਦਮੀ ਦੀ ਹੀ ਹੁੰਦੀ ਹੈ। ਅਜਿਹੇ ਭ੍ਰਿਸ਼ਟ ਚਿਹਰੇ ਹਰ ਖੇਤਰ ’ਚ ਨਜ਼ਰ ਆਉਂਦੇ ਹਨ ਅਤੇ ਹਰ ਪਾਰਟੀ ਨਾਲ ਸਬੰਧਤ ਹੁੰਦੇ ਹਨ। ਜਿਸ ਬਾਰੇ ਸਾਰੀਆਂ ਸਰਕਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਵੀ ਪਾਰਟੀ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਰਦੀ ਕਿਉਂਕਿ ਇਸ ਹਮਾਮ ਵਿਚ ਹਰ ਕੋਈ ਨੰਗਾ ਹੈ। ਭ੍ਰਿਸ਼ਟਾਚਾਰ ਉਦੋਂ ਹੀ ਖਤਮ ਹੋ ਸਕਦਾ ਹੈ, ਜਦੋਂ ਉੱਪਰੋਂ ਸਫਾਈ ਸ਼ੁਰੂ ਹੋ ਜਾਵੇ। ਜੇਕਰ ਤੁਸੀਂ ਹੇਠਾਂ ਤੋਂ ਸਫ਼ਾਈ ਸ਼ੁਰੂ ਕਰ ਦਿੰਦੇ ਹੋ ਤਾਂ ਉੱਪਰ ਤੱਕ ਸਾਫ਼ ਕਰਨਾ ਸੰਭਵ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਉਲਟੀ ਦਿਸ਼ਾ ਵਿੱਚ ਚੱਲਕੇ ਉੱਪਰ ਰਾਜਨੀਤਿਕ ਪੱਧਰ ਤੋਂ ਸਫਾਈ ਦਾ ਝਾੜੂ ਚੱਲੇਗਾ ਤਾਂ ਹੇਠਾਂ ਆਪਣੇ ਆਪ ਸਫਾਈ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਫਿਰ ਕੋਈ ਅਸ਼ੀਸ਼ ਕਪੂਰ ਸਾਹਮਣੇ ਨਹੀਂ ਆਏਗਾ ਜਿਸਨੂੰ ਭ੍ਰਿਸ਼ਟਾਚਾਕ ਦੇ ਦੋਸ਼ ਅਧੀਨ ਗਿਰਫਤਾਰ ਕਰਨਾ ਪਏ।
ਹਰਵਿੰਦਰ ਸਿੰਘ ਸੱਗੂ ।