ਚਾਰ ਵਿਦਿਆਰਥੀ ਬੁਰੀ ਤਰ੍ਹਾਂ ਨਾਲ ਜ਼ਖਮੀ
ਜਗਰਾਓਂ, 19 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਡਿਗਰੀ ਸਮਾਰੋਹ ਦੌਰਾਨ ਕੈਂਪਸ ਦੇ ਬਾਹਰ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵਿਚਕਾਰ ਆਪਸੀ ਝੜੱਪ ਹੋ ਗਈ। ਜਿਸ ਵਿਚ ਚਾਰ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀ ਲੜਾਈ ਦਾ ਕਾਰਨ ਇੰਸਟਾਗ੍ਰਾਮ ਤੇ ਕਿਸੇ ਪੋਸਟ ਨੂੰ ਲੈ ਕੇ ਹੋਈ ਜੋ ਕਿ ਯੂਨੀਵਰਸਿਟੀ ਵੱਲੋਂ ਕਨਵੋਕੇਸ਼ਨ ਸਬੰਧੀ ਜਾਣਕਾਰੀ ਦੇਣ ਲਈ ਪੋਸਟ ਕੀਤੀ ਗਈ ਸੀ, ਜਿਸ ’ਤੇ ਪੁਰਾਣੇ ਵਿਦਿਆਰਥੀਆਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪੋਸਟ ਸਹੀ ਢੰਗ ਨਾਲ ਪੋਸਟ ਨਹੀਂ ਕੀਤੀ ਗਈ। ਜਿਸ ਦਾ ਯੂਨੀਵਰਸਿਟੀ ਵਿੱਚ ਪੜ੍ਹਦੇ ਮੌਜੂਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਕਨਵੋਕੇਸ਼ਨ ਮੌਕੇ ਜਦੋਂ ਪੁਰਾਣੇ ਵਿਦਿਆਰਥੀ ਡਿਗਰੀ ਲੈਣ ਆਏ ਤਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਆਪਸ ਵਿਚ ਟਤਕਾਅ ਹੋ ਗਿਆ। ਜਿਸ ਕਾਰਨ ਯੂਨੀਵਰਸਿਟੀ ਦੇ ਬਾਹਰ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਨ੍ਹਾਂ ਇੱਕ ਦੂਜੇ ’ਤੇ ਤੇਜ਼ਧਾਰ ਹਥਿਆਰਾਂ ਅਤੇ ਬੈਟਾਂ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਦੌਰਾਨ ਜਾਨੂ ਸ਼ਰਮਾ, ਗੌਰਵ, ਮਨਜੀਤ ਮੱਟੂ, ਗੁਰਸ਼ਰਨ ਜ਼ਖਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਏ ਗਏ। ਜ਼ਖਮੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਚੌਕੀਮਾਨ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਚੌਕੀਮਾਨ ਪੁਲੀਸ ਚੌਕੀ ਦੇ ਇੰਚਾਰਜ ਰਣਧੀਰ ਸਿੰਘ ਨੇ ਕਿਹਾ ਕਿ ਕੁਝ ਵਿਦਿਆਰਥੀ ਆਏ ਤਾਂ ਜਰੂਰ ਸਨ ਪਰ ਉਹ ਕੋਈ ਐਮਐਲਆਰ ਅਤੇ ਬਿਆਨ ਦਿੱਤੇ ਬਿਨਾਂ ਇੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲਿਖਤੀ ਰੂਪ ਵਿੱਚ ਆਪਣੀ ਸ਼ਿਕਾਇਤ ਦਿੰਦਾ ਤਾਂ ਹੀ ਅਸੀਂ ਇਸ ਮਾਮਲੇ ਵਿੱਚ ਕਾਰਵਾਈ ਕਰਾਂਗੇ। ਇਸ ਸਬੰਧੀ ਸੀਟੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲੜਾਈ ਯੂਨੀਵਰਸਿਟੀ ਦੇ ਬਾਹਰ ਹੋਈ ਹੈ। ਇਸਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਉਹ ਆਪਣੇ ਪੱਧਰ ਤੇ ਇਸਦੀ ਜਾਂਚ ਕਰਵਾ ਰਹੇ ਹਨ।