ਜਗਰਾਓਂ, 19 ਨਵੰਬਰ ( ਰਾਜੇਸ਼ ਜੈਨ, ਰੋਹਿਤ ਗੋਇਲ )-ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ 32 ਬੋਰ ਦੇ ਟਾਇਟਲ ਤਹਿਤ ਗਾਇਕ ਤਾਰੀ ਕਾਸਾਪੁਰੀਆ ਅਤੇ ਨਿਰਮਾਤਾ ਸੱਤਾ ਡੀਕੇ ਦੇ ਗੀਤ ਨੂੰ ਲੈ ਕੇ ਸਖਤ ਹੋਈ ਪੁਲਿਸ ਵਲੋਂ ਇਨ੍ਹਾਂ ਖਿਲਾਫ ਥਾਣਾ ਸਦਰ ਰਾਏਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ, ਚੰਡੀਗੜ੍ਹ ਨੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਨੂੰ ਜਨਤਕ ਤੌਰ ’ਤੇ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ’ਤੇ ਸਖ਼ਤ ਪਾਬੰਦੀ ਲਗਾਈ ਹੈ। ਇਸ ਦੇ ਬਾਵਜੂਦ ਨਿਰਮਾਤਾ ਸੱਤਾ ਡੀਕੇ ਅਤੇ ਗਾਇਕ ਤਾਰੀ ਕਾਸਾਪੁਰੀਆ ਨੇ ਆਪਣਾ ਗੀਤ ‘‘ ਡਬ ਵੀ ਰੱਖੀਦਾ ਹੈ 32 ਬੋਰ ’’ ਲਵ ਮਿਊਜ਼ਿਕ ਰਿਲੀਜ਼ ਕੀਤਾ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਨਿਰਮਾਤਾ ਸੱਤਾ ਡੀਕੇ ਸਬ ਡਵੀਜ਼ਨ ਰਾਏਕੋਟ ਅਧੀਨ ਪੈਂਦੇ ਪਿੰਡ ਭੈਣੀ ਦਰੇੜਾ ਦਾ ਵਸਨੀਕ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗਾਇਕ ਤਾਰੀ ਕਾਸਾਪੁਰੀਆ, ਨਿਰਮਾਤਾ ਸੱਤਾ ਡੀਕੇ ਅਤੇ ਲਵ ਮਿਊਜ਼ਿਕ ਕੰਪਨੀ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਕੇਸ ਦਰਜ ਕੀਤਾ ਗਿਆ ਹੈ।
