ਜਗਰਾਉਂ, 18 ਮਈ ( ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਲੁਧਿਆਣਾ ਸਾਈਡ ਜੀ.ਟੀ.ਰੋਡ ਦੇ ਨਾਲ ਲੱਗਦੇ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਦੋ ਲੜਕੇ ਇੱਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ ਸਨ ਅਤੇ ਮੋਟਰਸਾਈਕਲ ’ਤੇ ਜੀ.ਟੀ.ਰੋਡ ’ਤੇ ਜੰਤਾ ਪੈਡਰੋਲ ਪੰਪ ਦੇ ਨਾਲ ਵਾਲੀ ਗਲੀ ਵਿਚੋਂ ਜਦੋਂ ਬਿਨ੍ਹਾਂ ਦੇਖੇ ਮੇਨ ਸੜਕ ਤੇ ਤੇਜੀ ਨਾਲ ਮੋਟਰਸਾਇਕਿਲ ਲੈ ਆਏ ਤਾਂ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਟਕਰਾ ਗਏ। ਜਿਸ ਕਾਰਨ ਮੋਟਰਸਾਈਕਲ ਚਾਲਕ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਦੀ ਲੱਤ ਟੁੱਟ ਗਈ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਸ ਦੇ ਪਿੱਛੇ ਬੈਠਾ ਲੜਕਾ ਆਪਣੇ ਜ਼ਖਮੀ ਸਾਥੀ ਅਤੇ ਮੋਟਰਸਾਈਕਲ ਨੂੰ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਲੜਕੇ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ’ਤੇ ਬੱਸ ਸਟੈਂਡ ਪੁਲੀਸ ਚੌਕੀ ਤੋਂ ਹੌਲਦਾਰ ਮਨਪ੍ਰੀਤ ਸਿੰਘ ਪੁੱਜੇ। ਉਨ੍ਹਾਂ ਨੁਕਸਾਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ। ਉਸ ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਪਤਾ ਲੱਗਾ ਕਿ ਜ਼ਖਮੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੜਕੇ ਦੀ ਪਛਾਣ ਅਕਾਸ਼ ਸਿੰਘ ਵਾਸੀ ਮੁਹੱਲਾ ਮਾਈ ਜੀਨਾ ਜਗਰਾਉਂ ਵਜੋਂ ਹੋਈ ਹੈ। ਉਸ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।