ਜਗਰਾਉਂ, 18 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਅੱਡਾ ਰਾਏਕੋਟ ਵਿਖੇ ਬੁੱਧਵਾਰ ਦੇਰ ਰਾਤ ਨਿੱਜੀ ਝਗੜੇ ਦੇ ਚੱਲਦਿਆਂ 48 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਅੱਡਾ ਰਾਏਕੋਟ ਦੀ ਗਊਸ਼ਾਲਾ ਨੇੜੇ ਇਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਪਈ ਮਿਲੀ। ਵੀਰਵਾਰ ਸਵੇਰੇ ਹੀ ਕੁਝ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਥੋਂ ਲਾਸ਼ ਨੂੰ ਚੁੱਕ ਕੇ ਲੈ ਗਏ ਸਨ ਅਤੇ ਉਸ ਦੇ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਸਬੰਧੀ ਜਦੋਂ ਕਿਸੇ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸ਼ਮਸ਼ਾਨਘਾਟ ’ਤੇ ਪਹੁੰਚ ਕੇ ਸਸਕਾਰ ਨੂੰ ਬੰਦ ਕਰਵਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਕਾਕਾ ਸ਼ਰਮਾ ਉਮਰ 48 ਸਾਲ ਵਜੋਂ ਹੋਈ ਜੋ ਕਿ ਅਣਵਿਆਹਿਆ ਸੀ ਅਤੇ ਉਹ ਮੁਹੱਲਾ ਰਾਣੀ ਵਾਲਾ ਖੂਹ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਜਗਰਾਉਂ ਦਾ ਰਹਿਣ ਵਾਲਾ ਸੀ। ਉਹ ਅਕਸਰ ਰਾਤ ਨੂੰ ਜਗਰਾਉਂ ਦੇ ਅੱਡਾ ਰਾਏਕੋਟ ਦੇ ਬੱਸ ਸਟੈਂਡ ’ਤੇ ਸੌਂਦਾ ਸੀ। ਇਸ ਸਬੰਧੀ ਡੀਐਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ। ਜਿਸ ’ਚ ਉਨ੍ਹਾਂ ਨੂੰ ਕਈ ਸੁਰਾਗ ਮਿਲੇ ਹਨ ਅਤੇ ਕੁਝ ਲੋਕਾਂ ਨੂੰ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਜਲਦੀ ਹੀ ਇਸ ਅੰਨੇ੍ਹ ਕਤਲ ਦੀ ਗੱਥੀ ਨੂੰ ਸੁਲਝਾ ਕੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।