ਕਪੂਰਥਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਵੱਲੋਂ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਿੱਚ 19 ਜਨਵਰੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਗਲਾਲੀਪੁਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਵਿੱਚੋਂ ਦੋ ਮੈਂਬਰਾਂ ਨੂੰ ਕਾਬੂ ਕਰਦੇ ਹੋਏ ਉਹਨਾਂ ਅਸਲਾ ਬਰਾਮਦ ਕੀਤਾ ਹੈ। ਕਾਬੂ ਕੀਤੇ ਗਏ ਗਿਰੋਹ ਦੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ 20 ਜਨਵਰੀ ਨੂੰ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਏਐਸਆਈ ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਔਜਲਾ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਮਥੂ ਮੁਰਾਰੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਬਾਜਪੁਰ ਥਾਣਾ ਸਦਰ ਜ਼ਿਲ੍ਹਾ ਤਰਨ ਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਕਾਰਜ ਸਿੰਘ ਵਾਸੀ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਥਾਣਾ ਮੱਖੂ ਫਿਰੋਜ਼ਪੁਰ ਨੂੰ ਖੋਹ ਕੀਤੀ ਕਾਰ ਨੰਬਰ ਪੀਬੀ02 ਸੀਐੱਸ 4081 ਦੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਮੱਥੂ ਮੁਰਾਰੀ ਸਿੰਘ ਪਾਸੋਂ ਇੱਕ ਗਲੋਕ ਪਿਸਟਲ 9 ਐੱਮਐੱਮ ਸਮੇਤ ਦੋ ਕਾਰਤੂਸ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਪਾਸੋਂ 12 ਬੋਰ ਪਿਸਟਲ ਦੇਸੀ ਸਮੇਤ ਦੋ ਕਾਰਤੂਸ ਬਰਾਮਦ ਹੋਏ।ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਾਬੂ ਕੀਤੇ ਗਏ ਉਕਤ ਮੈਂਬਰਾਂ ਤੋਂ ਇਲਾਵਾ ਇਹਨਾਂ ਦੇ ਇੱਕ ਹੋਰ ਸਾਥੀ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜ਼ਿਲ੍ਹਾ ਤਰਨ ਤਾਰਨ ਤਿੰਨਾਂ ਨੇ ਮਿਲ ਕੇ 19 ਜਨਵਰੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਗਲਾਲੀਪੁਰ ਵਿੱਚ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਇਹਨਾਂ ਖਿਲਾਫ ਥਾਣਾ ਸਦਰ ਤਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।ਇਸ ਤੋਂ ਇਲਾਵਾ ਜਦੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਾਬੂ ਕੀਤੇ ਮੁਲਜ਼ਮ ਮਥੂ ਮੁਰਾਰੀ ਸਿੰਘ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜ਼ਿਲ੍ਹਾ ਤਰਨਤਾਰਨ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੈ, ਜਿਨਾਂ ਨੇ ਪਿਸਤੌਲਾਂ ਦੀ ਨੋਕ ‘ਤੇ ਮਾਘੀ ਵਾਲੇ ਦਿਨ ਉਕਤ ਕਾਰ ਨੰਬਰ ਹੀ ਜੰਡਿਆਲਾ ਗੁਰੂ ਤੋਂ ਖੋਹ ਕੀਤੀ ਸੀ ਜਿਸ ਸਬੰਧੀ ਮੁਲਜ਼ਮਾਂ ਦੇ ਖਿ਼ਲਾਫ਼ ਥਾਣਾ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੀ ਮਾਮਲਾ ਦਰਜ ਹੈ।