ਜਗਰਾਓਂ, 21 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਨਵੀਂ ਅਨਾਜ ਮੰਡੀ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਹੇਠ ਕਾਂਗਰਸ ਦੀ ਵਿਸ਼ਾਲ ਰੋਸ ਰੈਲੀ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਥਾਨਕ ’ਆਪ’ ਆਗੂ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਦੇ ਘਰ ਪੁੱਜੇ। ਉਨ੍ਹਾਂ ਦੇ ਦਿਲੇ ਸ਼ਿਕਵੇ ਦੂਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਵਰਕਰ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਜਾਵੇ ਤਾਂ ਸਰੀਰ ਤੰਦਰੁਸਤ ਨਹੀਂ ਰਹਿੰਦਾ। ਪੰਜਾਬ ਭਰ ਵਿੱਚ ਜਿੱਥੇ ਵੀ ਸਾਡੇ ਵਰਕਰ ਪਾਰਟੀ ਤੋਂ ਨਾਰਾਜ਼ ਬੈਠੇ ਹਨ, ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਚੱਲਾਂਗੇ। ਇਸ ਮੌਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨਾਲ ਲੋਕ ਸਭਾ ਚੋਣਾਂ ਲੜਨ ਸਬੰਧੀ ਚੱਲ ਰਹੀ ਚਰਚਾ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਫਿਲਹਾਲ ਕੇਂਦਰੀ ਹਾਈਕਮਾਂਡ ਵੱਲੋਂ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਹੈ। ਜੇਕਰ ਉੱਚ ਪੱਧਰ ’ਤੇ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਮੈਨੂੰ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਸੂਚਿਤ ਕੀਤਾ ਜਾਵੇਗਾ। ਜਦੋਂ ਕੇਂਦਰੀ ਹਾਈ ਕਮਾਂਡ ਮੇਰੇ ਨਾਲ ਇਸ ਵਿਸ਼ੇ ਤੇ ਗੱਲ ਕਰੇਗੀ ਤਾਂ ਮੈਂ ਪਿੰਡ ਪੱਧਰ ਤੋਂ ਲੈ ਕੇ ਉੱਪਰ ਤੱਕ ਪਾਰਟੀ ਵਰਕਰਾਂ ਅਤੇ ਆਗੂਆਂ ਦੀਆਂ ਭਾਵਨਾਵਾਂ ਬਾਰੇ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਾਵਾਂਗਾ। ਅਸੀਂ ਆਪਣੇ ਬਲ ’ਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦੇ ਸਮਰੱਥ ਹਾਂ। ਇਸ ਮੌਕੇ ਪ੍ਰੀਤਮ ਸਿੰਘ ਅਖਾੜਾ ਨੇ ਉਨ੍ਹਾਂ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ।
ਚੰਗੇ ਬੁਲਾਰੇ ਵਜੋਂ ਜਾਣਿਆ ਜਾਂਦਾ ਹੈ ਅਖਾੜਾ-
ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਪ੍ਰੀਤਮ ਸਿੰਘ ਅਖਾੜਾ ਨੂੰ ਚੰਗਾ ਬੁਲਾਰਾ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੋਂ ਜਗਮੀਤ ਬਰਾੜ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਪ੍ਰੀਤਮ ਸਿੰਘ ਅਖਾੜਾ ਨੇ ਕਾਫੀ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦਿਤੀਆਂ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਫੈਸਲਾ ਲਿਆ ਅਤੇ ਜਗਰਾਉਂ ਵਿਧਾਨ ਸਭਾ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਜਿੱਤ ਵਿੱਚ ਵੀ ਪ੍ਰੀਤਮ ਅਖਾੜਾ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ’ਚ ’ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪ੍ਰੀਤਮ ਸਿੰਘ ਅਖਾੜਾ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵਲੋਂ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰਵਾਇਆ ਗਿਆ ਸੀ ਪਰ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਠੇਕੇਦਾਰਾਂ ਅਤੇ ਟਰੱਕ ਯੂਨੀਅਨ ਵਿਚਾਲੇ ਹੋਏ ਵਿਵਾਦ ਨੂੰ ਦੇਖਦਿਆਂ ਉਨ੍ਹਾਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ।