ਮਾਲੇਰਕੋਟਲਾ 16 ਜੂਨ ( ਅਸ਼ਵਨੀ, ਧਰਮਿੰਦਰ)-ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ‘ਈਦ-ਉਲ-ਅਜ਼ਹਾ’ ਬਕਰੀਦ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਨ੍ਹਾਂ ਦਿਨਾਂ ਵਿੱਚ ਮੁਸਲਿਮ ਭਾਈਚਾਰੇ ਵਲੋਂ ਕੁਰਬਾਨੀ ਦੀ ਰਵਾਇਤ ਅਦਾ ਕੀਤੀ ਜਾਂਦੀ ਹੈ । ਕੁਰਬਾਨੀ ਲਈ ਦਾਣਾ ਮੰਡੀ ਵਿਖੇ ਪਸ਼ੂ ਮੰਡੀ ਸਥਾਪਿਤ ਕੀਤੀ ਗਈ ਹੈ, ਜਿਥੇ ਹਜਾਰਾਂ ਦੀ ਤਾਦਾਦ ਵਿੱਚ ਪਸ਼ੂ (ਬੱਕਰੇ, ਲੇਲੇ ਆਦਿ) ਵੇਚਣ ਵਾਲੇ ਪੁੱਜਦੇ ਹਨ । ਡਿਪਟੀ ਕਮਿਸ਼ਨਰ ਡਾ ਪੱਲਵੀ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਪਸ਼ੂ ਮੰਡੀ ਵਿਖੇ ਮੁਢਲੀਆਂ ਸਹੂਲਤਾਂ ਲਈ ਪੁਖੱਤਾ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਪਸ਼ੂ ਮੰਡੀ ਵਿੱਖੇ ਬੈਠਣ ਲਈ ਛਾਂਦਾਰ ਬੈਠਣ ਦਾ ਪ੍ਰਬੰਧ,ਪੀਣ ਯੋਗ ਠੰਡੇ ਪਾਣੀ ,ਸਾਫ ਸਫਾਈ ਦੇ ਨਾਲ ਨਾਲ ਵੈਟਰਨਰੀ ਡਾਕਟਰ ਦੀ ਡਿਊਟੀ ਲਗਾਈ ਗਈ ਹੈ।ਵੈਟਰਨਰੀ ਅਫ਼ਸਰ ਡਾ. ਵਿਕਰਮ ਕਪੂਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਸ਼ੂ ਮੰਡੀ ਵਿਖੇ ਪੁਜਣ ਵਾਲੇ ਪਸ਼ੂਆਂ ਦੀ ਸਿਹਤ ਦੀ ਚੈਕਿੰਗ ਕੀਤੀ ਗਈ ਅਤੇ ਬਿਮਾਰ ਬੱਕਰਿਆਂ ਦਾ ਮੌਕੇ ਤੇ ਇਲਾਜ ਕੀਤਾ । ਇਸ ਮੌਕੇ ਜ਼ਿਲ੍ਹਾ ਪਸੂ ਪਾਲਣ ਵਿਭਾਗ ਦੇ ਡਾਕਟਰੀ ਦੀ ਟੀਮ ਵਲੋਂ ਪਸ਼ੂਆਂ ਦੀ ਮੌਕੇ ਤੇ ਚੈਕਿੰਗ ਕਰਦਿਆਂ ਉਨ੍ਹਾਂ ਪਸ਼ੂ ਵੇਚਣ ਲਈ ਪੁਜੇ ਪਾਲਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪਸ਼ੂਆਂ ਨੂੰ ਉਹ ਲਗਾਤਾਰ ਪਾਣੀ ਆਦਿ ਪਿਲਾਉਂਦੇ ਰਹਿਣ । ਉਨ੍ਹਾਂ ਪਸੂ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ਤੇ ਤੁਰੰਤ ਨੂੰ ਪਸ਼ੂ ਹਸਪਤਾਲ ਵਿਖੇ ਵੈਟਰਨਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ । ਇਸ ਮੌਕੇ ਵੈਟਰਨਰੀ ਅਫ਼ਸਰ ਡਾ ਮੁਹੰਮਦ ਸ਼ਮਸਾਦ, ਸ੍ਰੀ ਸੁਖਰਾਜ ਜੀਤ ਸਿੰਘ ਤੋਂ ਇਲਾਵਾ ਹੋਰ ਟੀਮ ਮੈਂਬਰ ਮੌਕੇ ਤੇ ਮੌਜੂਦ ਸਨ ।