Home Punjab ਉਹ ਕਹਿੰਦੀ

ਉਹ ਕਹਿੰਦੀ

47
0


ਉਹ ਕਹਿੰਦੀ
ਤੇਰੇ ਰਾਹਾਂ ਵਿੱਚ ਦਿਲ ਬਿਛਾਈ ਬੈਠੀ ਹਾਂ।
ਤੂੰ ਆਵੇਂਗਾ ਚਿਰਾਂ ਤੋਂ ਆਸ ਲਗਾਈ ਬੈਠੀ ਹਾਂ।
ਕੀ ਤੈਨੂੰ ਜ਼ਰਾ ਵੀ ਮੇਰਾ ਪਿਆਰ ਨਹੀਂ ਆਉਂਦਾ ?
ਕੀ ਦੱਸਾਂ!
ਐਨੇ ਦੇਖੇ ਸੁਣੇ ਨੇ ਕਿੱਸੇ ਧੋਖੇ ਮੁਹੱਬਤਾਂ ਦੇ
ਕਿ ਹੁਣ ਕਿਸੇ ਤੇ ਇਤਬਾਰ ਨਹੀਂ ਆਉਂਦਾ।
ਉਹ ਕਹਿੰਦੀ
ਮੁਹੱਬਤਾਂ ਦੀ ਗੱਲ ਕਰਦਾ ਏ
ਨਾਲ਼ੇ ਗਲ਼ੀ ਇਸ਼ਕ ਆਉਣ ਤੋਂ ਡਰਦਾ ਏ।
ਕੀ ਤੈਨੂੰ ਗਣਿਤ ਦੋ ਤੇ ਦੋ ਚਾਰ ਨਹੀਂ ਆਉਂਦਾ?
ਕੀ ਦੱਸਾਂ!
ਮੈਂ ਚੰਗੀ ਤਰ੍ਹਾਂ ਵਾਕਿਫ਼ ਹਾਂ
ਇਸ ਚੰਦਰੇ ਜੱਗ ਦੀਆਂ ਰੀਤਾਂ ਤੋਂ
ਇਥੇ ਦੁੱਖਦੇ ਦਿਲ ਤੇ ਮੱਲ੍ਹਮ ਲਾਉਣ ਲਈ
ਕੋਈ ਗ਼ਮਖ਼ਾਰ ਨਹੀਂ ਆਉਂਦਾ।
ਉਹ ਕਹਿੰਦੀ
ਹਰ ਵਾਰ ਪਾਸਾ ਵੱਟ ਕੇ ਲੰਘ ਜਾਨਾ ਏਂ।
ਸ਼ਾਇਦ ਕੁਝ ਕਹਿੰਦਾ ਕਹਿੰਦਾ ਸੰਗ ਜਾਨਾ ਏਂ।
ਕੀ ਕਰਨਾ ਤੈਨੂੰ ਇਜ਼ਹਾਰ ਨਹੀਂ ਆਉਂਦਾ?
ਕੀ ਦੱਸਾਂ!
ਡਰਦਾ ਹਾਂ
ਕਿਤੇ ਤੂੰ ਦਿਲ ਮੰਗ ਨਾ ਬੈਠੇ
ਤੇ ਮੈਨੂੰ ਕਰਨਾ ਇਨਕਾਰ ਨਹੀਂ ਆਉਂਦਾ।
ਉਹ ਕਹਿੰਦੀ
ਨਾਸਮਝਾ ਅਕਲ ਨੂੰ ਹੱਥ ਮਾਰ
ਤੂੰ ਇੱਕ ਵਾਰ ਕਰਕੇ ਦੇਖ ਪਿਆਰ।
ਕੀ ਤੈਨੂੰ ਨਹੀਂ ਪਤਾ
ਸਭ ਹਿੱਸੇ ਇਹ ਹਸੀਨ ਸੰਸਾਰ ਨਹੀਂ ਆਉਂਦਾ।
ਕੀ ਦੱਸਾਂ!
ਇੱਕੋ ਵਾਰ ਕਾਫ਼ੀ ਹੈ
ਮੁਹੱਬਤ ਵਿੱਚ ਬਰਬਾਦ ਹੋਣ ਲਈ
ਮੈਂ ਇਸ ਕਮਬਖ਼ਤ ਇਸ਼ਕ ਦੀਆਂ ਗੱਲਾਂ ਵਿਚ ਦੋ ਬਾਰ ਨਹੀਂ ਆਉਂਦਾ।
ਉਹ ਕਹਿੰਦੀ
ਗੱਲ ਗੱਲ ਤੇ ਦਿਲ ਤੋੜ ਦੇਨਾ ਏ।
ਅੱਖਾਂ ਵਿੱਚ ਵੇਖਣ ਦੀ ਥਾਂ
‘ਦੀਪ’ ਮੁਖ ਮੋੜ ਲੈਨਾ ਏਂ।
ਕੀ ਕਰਨਾ ਤੈਨੂੰ ਪਿਆਰ ਨਹੀਂ ਆਉਂਦਾ?
ਕੀ ਦੱਸਾਂ!
ਰਾਹ ਜਾਂਦੇ ਹਰ ਥਾਂ ਦਿਲ ਲਾ ਲਈਏ
ਸਾਡੇ ਹਿੱਸੇ ਇਹੋ ਜਿਹਾ ਕਿਰਦਾਰ ਨਹੀਂ ਆਉਂਦਾ।
ਉਹ ਕਹਿੰਦੀ
ਪਾ ਸੂਰਮਾਂ ਥੋੜ੍ਹਾ ਸੁਰਖ਼ੀ ਪਾਊਡਰ ਲਾ ਲੈਨੀ ਆ।
ਤੇਰੇ ਲਈ ਸੂਹੇ ਕੇਸ ਵੀ ਵਾਹ ਲੈਨੀ ਆ।
ਕੀ ਪਸੰਦ ਤੈਨੂੰ ਮੇਰਾ ਨਿਖਾਰ ਨਹੀਂ ਆਉਂਦਾ ?
ਕੀ ਦੱਸਾਂ !
ਜਿਸਮਾਂ ਜੁਸਮਾਂ ਵਾਲੇ ਇਥੇ ਲੱਖਾਂ ਫਿਰਦੇ
ਅਸੀਂ ਦਿਲ ਦਾ ਬੂਹਾ ਨਹੀਂ ਖ੍ਹੋਲਣਾ
ਜਦ ਤੱਕ ਰੂਹ ਦਾ ਹੱਕਦਾਰ ਨਹੀਂ ਆਉਂਦਾ।

ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714