ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਮਾਨ ਹੋਣਗੇ ਮੁੱਖ ਮਹਿਮਾਨ ; ਸਮਾਗਮ ਡਾ. ਮਨਮੋਹਨ ਸਿੰਘ ਆਡੀਟੋਰੀਅਮ ਪੀ.ਏ.ਯੂ. ਵਿਖੇ ਹੋਵੇਗਾ
ਲੁਧਿਆਣਾ 4, ਮਈ ( ਰਿਤੇਸ਼ ਭੱਟ, ਜੱਸੀ ਢਿੱਲੋਂ) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਜੀ ਦੇ ਜਨਮ ਦਿਵਸ ‘ਤੇ ਰਾਜ ਪੱਧਰੀ ਸਮਾਗਮ ਮਿਤੀ 05 ਮਈ, 2022 ਨੂੰ ਸਥਾਨਕ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੀ.ਏ.ਯੂ. ਲੁਧਿਆਣਾ ਵਿਖੇ ਮਨਾਇਆ ਜਾਵੇਗਾ ਜਿਸ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਹੋਣਗੇ, ਇਹ ਜਾਣਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਰਾਮਗੜ੍ਹੀਆ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਮੁੱਖ ਮੰਤਰੀ ਜੀ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ”ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਦੇਸ਼ ਦੇ ਮਹਾਨ ਸ਼ਹੀਦਾਂ ਦੇ ਜਨਮ/ਸ਼ਹੀਦੀ ਦਿਹਾੜੇ ਰਾਜ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਸਾਡੇ ਮਹਾਨ ਯੋਧਿਆਂ ਦੇ ਜੀਵਨ ਅਤੇ ਕੁਰਬਾਨੀ ਭਰੇ ਇਤਿਹਾਸ ਤੋਂ ਸੇਧ ਲੈ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਸਾਡੇ ਦੇਸ਼ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਜੀਵਤ ਰੱਖਣ ਦੇ ਮਨਸ਼ੇ ਨਾਲ ਵੱਖ-ਵੱਖ ਯਾਦਗਾਰਾਂ ਉਸਾਰੀਆਂ ਹਨ, ਉਥੇ ਹੀ ਜਾਂਬਾਜ਼ ਸੂਰਮੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਵਡਮੁੱਲੇ ਯੋਗਦਾਨ ਨੂੰ ਵੀ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਪੰਜਾਬੀ ਹਮੇਸਾਂ ਕਰਬਾਨੀਆਂ ਕਰਨ ਵਿੱਚ ਅੱਗੇ ਰਹੇ ਹਨ।