ਲੁਧਿਆਣਾ, 5 ਮਈ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਬਜ਼ੁਰਗ ਪਤੀ ਪਤਨੀ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਤੀ ਪਤਨੀ ਦੀ ਸ਼ਨਾਖ਼ਤ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ। ਦੋਵੇਂ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਦੀ ਇੱਕ ਬੇਟੀ ਲੁਧਿਆਣਾ ਹੀ ਵਿਆਹੀ ਹੋਈ ਹੈ ਜਦੋਂ ਕੇ ਇਕ ਬੇਟਾ ਸਕਾਟਲੈਂਡ ਰਹਿੰਦਾ ਹੈ, ਜਿਸ ਨੂੰ ਮਿਲਣ ਲਈ ਦੋਵਾਂ ਪਤੀ ਪਤਨੀ ਨੇ 2 ਹਫਤੇ ਬਾਅਦ ਜਾਣਾ ਸੀ। ਪਰ ਬੀਤੀ ਰਾਤ 9 ਵਜੇ ਦੇ ਕਰੀਬ ਦੋਵਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਸੁਖਦੇਵ ਸਿੰਘ ਸੀ ਪੀ ਡਬਲਿਊ ਡੀ ਤੋਂ ਸੇਵਾ ਮੁਕਤ ਹੈ। ਪੁਲਿਸ ਕਮਿਸ਼ਨਰ ਖੁਦ ਮੌਕਾ ਵੇਖਣ ਪੁੱਜੇ ਅਤੇ ਕਿਹਾ ਕਿ ਇਹ ਕੋਈ ਲੁੱਟ ਦਾ ਮਾਮਲਾ ਨਹੀਂ ਲੱਗ ਰਿਹਾ ਸਗੋਂ ਮੁਲਜ਼ਮ ਕਤਲ ਦੇ ਇਰਾਦੇ ਨਾਲ ਹੀ ਘਰ ਆਇਆ ਸੀ।ਮ੍ਰਿਤਕ ਦੇ ਗੁਆਂਢੀਆਂ ਨੇ ਦੱਸਿਆ ਕਿ ਵਾਰਦਾਤ 9 ਵਜੇ ਦੇ ਕਰੀਬ ਦੀ ਹੈ, ਜਦੋਂ ਘਰ ਚੋਂ ਉੱਚੀ ਉੱਚੀ ਚਿਲਾਉਣ ਦੀ ਅਵਾਜ਼ ਆਈ, ਜਿਸ ਤੋਂ ਬਾਅਦ ਮ੍ਰਿਤਕ ਦੇ ਗੁਆਂਢੀ ਨੇ ਮੁਲਜ਼ਮ ਨੂੰ ਘਰ ਦੀ ਕੰਧ ਟਪਕੇ ਭੱਜਦੇ ਹੋਏ ਵੇਖਿਆ। ਦੋਵੇਂ ਪਤੀ ਪਤਨੀ ਦੀ ਮੌਤ ਹੋ ਚੁੱਕੀ ਸੀ, ਦੋਵੇਂ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਹੀ ਮ੍ਰਿਤਕ ਸੇਵਾਮੁਕਤ ਹੋਇਆ ਸੀ।ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਨੇ ਕਿਹਾ ਕਿ ਬਜ਼ੁਰਗ ਪਤੀ ਪਤਨੀ ਦਾ ਕਤਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਸੁਖਦੇਵ ਸਿੰਘ ਪੁੱਤਰ ਰਾਜੂ ਸਕਾਟਲੈਂਡ ਰਹਿੰਦਾ ਹੈ।ਛੋਟਾ ਪੁੱਤਰ ਲੱਕੀ ਇੰਗਲੈਂਡ ਦੇ ਐਡਮਿੰਟਨ ਵਿੱਚ ਰਹਿੰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਵੀ 15 ਮਈ ਨੂੰ ਵਿਦੇਸ਼ ਰਹਿੰਦੇ ਆਪਣੇ ਇਕ ਲੜਕੇ ਨੂੰ ਮਿਲਣ ਜਾ ਰਿਹਾ ਸੀ।
