ਨਵੀਂ ਦਿੱਲੀ, 6 ਮਈ( ਬਿਊਰੋ)-ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਇਹ ਦਾਅਵਾ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕੀਤਾ ਹੈ।ਭਾਰਤੀ ਜਨਤਾ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ 50 ਕਰਮਚਾਰੀਆਂ ਨੇ ਤਜਿੰਦਰ ਬੱਗਾ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਅੱਜ ਸਵੇਰੇ ਹੀ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਤਜਿੰਦਰ ਪਾਲ ਨੇ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਸੀ,ਜਿਸ ਤੋਂ ਬਾਅਦ ਪੰਜਾਬ ‘ਚ ਉਸ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।ਕਪਿਲ ਮਿਸ਼ਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ,ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਦੇ 50 ਜਵਾਨ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਘਰੋਂ ਚੁੱਕ ਕੇ ਲੈ ਗਏ।ਤਜਿੰਦਰ ਪਾਲ ਸਿੰਘ ਬੱਗਾ ਇੱਕ ਸੱਚਾ ਸਰਦਾਰ ਹੈ,ਉਸਨੂੰ ਅਜਿਹੀਆਂ ਹਰਕਤਾਂ ਨਾਲ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ।ਇੱਕ ਸੱਚੇ ਸਰਦਾਰ ਤੋਂ ਇੰਨਾ ਡਰ ਕਿਉਂ?ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਪੰਜਾਬ ਪੁਲਿਸ ਦੀ ਇੱਕ ਟੀਮ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੇ ਘਰ ਆਈ ਸੀ।ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਦਿੱਲੀ ਦਾ ਹਰ ਨਾਗਰਿਕ,ਜੋ ਕਿ ਸੰਵਿਧਾਨਿਕ ਵਿਵਸਥਾ ਵਿੱਚ ਵਿਸ਼ਵਾਸ ਰੱਖਦਾ ਹੈ, ਅਰਵਿੰਦ ਕੇਜਰੀਵਾਲ ਵੱਲੋਂ ਸੋਸ਼ਲ ਮੀਡੀਆ ਦੇ ਹੀਰੋ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਕੇ ਗ੍ਰਿਫਤਾਰ ਕੀਤੇ ਜਾਣ ਦਾ ਵਿਰੋਧ ਕਰਦਾ ਹੈ।ਦਿੱਲੀ ਭਾਜਪਾ ਨੇ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ।ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਪੁਲਿਸ ਨੇ ਭਾਜਪਾ ਦੇ ਯੂਥ ਵਿੰਗ ਦੇ ਕੌਮੀ ਸਕੱਤਰ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਐਫਆਈਆਰ ਦਰਜ ਕੀਤੀ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਨ ‘ਤੇ ਤਜਿੰਦਰ ਪਾਲ ਸਿੰਘ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਫਿਲਮ ‘ਦਿ ਕਸ਼ਮੀਰ ਫਾਈਲਜ਼ ਬਾਰੇ ਟਿੱਪਣੀ ਕੀਤੀ ਸੀ, ਜਿਸ ਦੇ ਜਵਾਬ ‘ਚ ਤਜਿੰਦਰ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ।ਹਾਲਾਂਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਤਜਿੰਦਰ ਪਾਲ ਨੇ ਟਵੀਟ ਕਰਕੇ ਕਿਹਾ ਸੀ, ‘ਇੱਕ ਨਹੀਂ ਸਗੋਂ 100 ਐਫਆਈਆਰ ਦਰਜ ਹਨ, ਪਰ ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਨੂੰ ਝੂਠਾ ਕਹਿਣ ਤਾਂ ਮੈਂ ਬੋਲਾਂਗਾ, ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ‘ਤੇ ਹੱਸਦਾ ਹੈ ਤਾਂ ਮੈਂ ਬੋਲਾਂਗਾ।ਇਸ ਦੇ ਲਈ ਮੈਨੂੰ ਜੋ ਵੀ ਨਤੀਜੇ ਭੁਗਤਣੇ ਪੈਣਗੇ,ਮੈਂ ਭੁਗਤਣ ਲਈ ਤਿਆਰ ਹਾਂ। ਮੈਂ ਕੇਜਰੀਵਾਲ ਨੂੰ ਛੱਡਣ ਵਾਲਾ ਨਹੀਂ, ਨੱਕ ਵਿੱਚ ਰਗੜ ਰੱਖਾਂਗਾ।