ਹਿਮਾਚਲ ਪ੍ਰਦੇਸ਼, 8 ਮਈ ( ਬਿਊਰੋ)-ਹਿਮਾਚਲ ਦੇ ਧਰਮਸ਼ਾਲਾ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਖਾਲਿਸਤਾਨੀ ਝੰਡੇ ਦਿਖਾਈ ਦਿੱਤੇ। ਇਨ੍ਹਾਂ ਝੰਡਿਆਂ ‘ਤੇ ਖਾਲਿਸਤਾਨ ਲਿਖਿਆ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਝੰਡਿਆਂ ਨੂੰ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸਵੇਰੇ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਕਾਲੇ ਝੰਡੇ ਲੱਗਣ ਦੀ ਸੂਚਨਾ ਦਿੱਤੀ ਸੀ। ਪੁਲਿਸ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ।ਦੱਸ ਦਈਏ ਕਿ ਧਰਮਸ਼ਾਲਾ ਤਪੋਵਨ ਸਥਿਤ ਵਿਧਾਨ ਸਭਾ ਭਵਨ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵਿਧਾਨ ਸਭਾ ਭਵਨ ਦੇ ਬਾਹਰਲੇ ਗੇਟ ਦੀ ਹੈ ਜਿੱਥੇ ਖਾਲਿਸਤਾਨੀ ਝੰਡੇ ਨਜ਼ਰ ਆ ਰਹੇ ਹਨ। ਇਹ ਵੀਡੀਓ 12 ਸੈਕਿੰਡ ਦੀ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਧਰਮਸ਼ਾਲਾ ‘ਚ ਹੜਕੰਪ ਮਚ ਗਿਆ।ਜਾਂਚ ਕੀਤੀ ਜਾ ਰਹੀ ਹੈ ਕਿ ਇਹ ਝੰਡੇ ਕਿਸ ਨੇ ਲਗਾਏ ਸਨ।ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਡੀਐਮ ਸ਼ਿਲਪੀ ਵੇਕਟਾ ਵੀ ਮੌਕੇ ‘ਤੇ ਪਹੁੰਚ ਗਏ।ਵਿਧਾਨ ਸਭਾ ਦੀਆਂ ਕੰਧਾਂ ‘ਤੇ ਵੀ ਖਾਲਿਸਤਾਨ ਲਿਖਿਆ ਹੋਇਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਝੰਡੇ ਇੱਥੇ ਕਿਸ ਨੇ ਲਗਾਏ ਹਨ। ਫਿਲਹਾਲ ਪੁਲਿਸ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।