ਖੇਤੀ ਮਾਹਿਰਾਂ ਨੇ ਦਿੱਤਾ ਪਾਣੀ ਬਚਾਉਣ ਦਾ ਹੋਕਾ
ਲੁਧਿਆਣਾ/ਰਾਏਕੋਟ, 21 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ) –
ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਪਿੰਡ ਜਲਾਲਦੀਵਾਲ ਦੇ ਉੱਦਮ ਸਦਕਾ ਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਅੱਜ ਪਿੰਡ ਜਲਾਲਦੀਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਡਾ.ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਣੀ ਬਚਾਉਣ ਦਾ ਹੋਕਾ ਦੇਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੈੱਡ ਆਫ਼ ਦਾ ਡਿਪਾਰਟਮੈਂਟ ਡਾ.ਮੱਖਣ ਸਿੰਘ ਭੁੱਲਰ ਅਤੇ ਡਾ. ਜਸਵੀਰ ਸਿੰਘ ਗਿੱਲ (ਫ਼ਸਲ ਸਾਇੰਸਦਾਨ ), ਗਡਵਾਸੂ ਲੁਧਿਆਣਾ ਦੇ ਵਾਇਸ ਚਾਂਸਲਰ ਇੰਦਰਜੀਤ ਸਿੰਘ, ਉੱਘੇ ਪੱਤਰਕਾਰ ਅਤੇ ਚਿੰਤਕ ਬਲਤੇਜ ਪੰਨੂ , ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ,ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ ਨਰਿੰਦਰ ਸਿੰਘ ਬੈਨੀਪਾਲ , ਪ੍ਰੋ ਤੇਜਪਾਲ ਸਿੰਘ ਗਿੱਲ, ਐਸ ਡੀ ਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਵੀ ਹਾਜ਼ਰ ਹੋਏ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ.ਮੱਖਣ ਸਿੰਘ ਭੁੱਲਰ ਅਤੇ ਡਾ.ਜਸਬੀਰ ਸਿੰਘ ਗਿੱਲ ਨੇ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਤੇ ਚਿੰਤਾ ਜ਼ਾਹਿਰ ਕਰਦਿਆਂ ਪਾਣੀ ਨੂੰ ਬਚਾਉਣ ਦੇ ਉਪਾਵਾਂ ਤੇ ਆਪਣੇ ਵਿਚਾਰ ਰੱਖਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਵੱਡੀ ਮਾਤਰਾ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਕਿਸਾਨਾਂ ਨੂੰ ਵੀ ਫ਼ਸਲ ਦਾ ਪੂਰਾ ਝਾੜ ਪ੍ਰਾਪਤ ਹੁੰਦਾ ਹੈ। ਸਮਾਗਮ ਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਘਟ ਰਹੇ ਪਾਣੀ ਦਾ ਪੱਧਰ ਇਕ ਬੇਹੱਦ ਗੰਭੀਰ ਮੁੱਦਾ ਹੈ, ਜਿਸ ਲਈ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪੱਤਰਕਾਰ ਬਲਤੇਜ ਪੰਨੂੰ ਨੇ ਨਾੜ ਨੂੰ ਲਗਾਈ ਜਾਣ ਵਾਲੀ ਅੱਗ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਅਸੀਂ ਆਪਣੇ ਸਵਾਰਥ ਲਈ ਦਰੱਖਤਾਂ ਨੂੰ ਅੱਗ ਵਿੱਚ ਝੋਕਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੀ ਆਉਣ ਵਾਲੀ ਪੀਡ਼੍ਹੀ ਨੂੰ ਆਪਣੇ ਮੋਢਿਆਂ ਤੇ ਸਕੂਲ ਬੈਗ ਦੀ ਥਾਂ ਆਕਸੀਜਨ ਦੇ ਸਿਲੰਡਰ ਚੁੱਕ ਕੇ ਲਿਜਾਣੇ ਪੈਣਗੇ । ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਦੇ ਡਾਇਰੈਕਟਰ ਡਾ.ਹਰਮਿੰਦਰ ਸਿੰਘ ਸਿੱਧੂ ਵੱਲੋਂ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸਮਾਗਮ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਲਾਬ ਦੇ ਫੁੱਲਾਂ ਦੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਪੰਚ ਜਗਜੀਤ ਸਿੰਘ ਜਲਾਲਦੀਵਾਲ,ਸਰਪੰਚ ਮੇਜਰ ਧੂਰਕੋਟ,ਸਰਪੰਚ ਸੁਖਦੇਵ ਸਿੰਘ ਸਿਵੀਆਂ,ਸੁਖਚਰਨ ਮਿੰਟੂ,ਹਰਜੀਤ ਸਿੰਘ,ਜਲਾਲਦੀਵਾਲ,ਪੋ੍ ਤੇਜਪਾਲ ਸਿੰਘ,ਨਿਰੰਜਣ ਸਿੰਘ ਕਾਲਾ,ਬਿੰਦਰਜੀਤ ਸਿੰਘ ਗਿੱਲ,ਕੇਵਲ ਸਿੰਘ ਜਲਾਲਦੀਵਾਲ,ਹਰਿੰਦਰਪੀ੍ਤ ਸਿੰਘ ਹਨੀ,ਡਾ.ਲਖਵੀਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਸੁਧਾਰ,ਏਡੀਓ ਗੁਰਜੀਤ ਕੌਰ,ਡਾ:ਨਰਿੰਦਰ ਸਿੰਘ ਬੈਨੀਪਲ ਜਿਲ੍ਹਾ ਖੇਤੀਬਾੜੀ ਅਫ਼ਸਰ,ਹਰਪੀ੍ਤ ਸਿੰਘ ਜੌਹਲਾ ਬਲਾਕ ਪ੍ਧਾਨ, ਹਰਪੀ੍ਤ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।