ਰਾਏਕੋਟ, 25 ਅਪ੍ਰੈਲ ( ਰਾਜੇਸ਼ ਜੈਨ )-ਕਚਹਿਰੀ ਕੰਪਲੈਕਸ ਵਿੱਚ ਪਟਵਾਰੀ ਅਤੇ ਕਾਨੂੰਗੋ ਤੇ ਕੰਮ ਕਰਵਾਉਣ ਲਈ ਦਬਾਅ ਪਾਉਣ ਸਬੰਧੀ ਦਿੱਤੀ ਸ਼ਿਕਾਇਤ ਦੀ ਪੜਤਾਲ ਦੀ ਜਾਂਚ ਉਪਰੰਤ ਨੰਬਰਦਾਰ ਗੁਰਸੇਵਕ ਸਿੰਘ ਉਰਫ਼ ਮਿੱਠਾ ਵਾਸੀ ਨਿਊ ਗਰੀਨ ਸਿਟੀ ਰਾਏਕੋਟ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਵਿੱਚ ਕੇਸ ਦਰਜ ਕੀਤਾ ਗਿਆ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਏਕੋਟ ਦੇ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਦੀ ਜਾਂਚ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਵਲੋਂ ਕੀਤੀ ਗਈ। ਪੜਤਾਲ ਦੌਰਾਨ ਸਾਹਮਣੇ ਪਤਾ ਲੱਗਾ ਕਿ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੂੰ ਹਲਕਾ ਪਟਵਾਰੀ ਬੀਰਮੀ ਅਤੇ ਕਾਨੂੰਗੋ ਹਲਕਾ ਗੋਂਦਵਾਲ ਵੱਲੋਂ ਗੁਰਸੇਵਕ ਸਿੰਘ ਉਰਫ਼ ਮਿੱਠਾ ਵੱਲੋਂ ਕੰਮ ਕਰਵਾਉਣ ਲਈ ਦਬਾਅ ਪਾਉਣ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜਦੋਂ ਤਹਿਸੀਲਦਾਰ ਰਾਏਕੋਟ ਨੇ ਆਪਣੇ ਰਜਿਸਟਰੀ ਕਲਰਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤਾਂ ਉਸ ਨੇ ਕਬੂਲ ਕੀਤਾ ਕਿ ਵਸੀਅਤ ਦੀ ਕਾਪੀ ਦੇਣ ਤੋਂ ਬਾਅਦ ਪਹਿਲਾਂ ਗੁਰਸੇਵਕ ਸਿੰਘ ਮਿੱਠਾ ਵੱਲੋਂ ਵਸੀਅਤ ਰੁਕਵਾ ਦਿੱਤੀ ਗਈ ਅਤੇ ਬਾਅਦ ਵਿੱਚ ਉਸ ਨੇ ਖੁਦ ਹੀ ਸਰਕਾਰੀ ਕੀਮਤ ਤੋਂ ਘੱਟ ਕੀਮਤ ’ਤੇ ਰਜਿਸਟਰੀ ਕਰਵਾ ਦਿੱਤੀ। ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਗੁਰਸੇਵਕ ਸਿੰਘ ਉਰਫ਼ ਮਿੱਠਾ ਨੇ ਤਹਿਸੀਲਦਾਰ ਰਾਏਕੋਟ ਦੇ ਦਫ਼ਤਰ ਵਿੱਚ ਜਾ ਕੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਗਾਲ੍ਹਾਂ ਕੱਢੀਆਂ। ਜਿਸ ਕਾਰਨ ਸਰਕਾਰ ਦਾ ਕੰਮ ਵਿਘਣ ਪਿਆ। ਇਸ ਤੋਂ ਇਲਾਵਾ ਨੰਬਰਦਾਰ ਗੁਰਸੇਵਕ ਸਿੰਘ ਉਰਫ਼ ਮਿੱਠਾ ਨੇ ਵੀ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਖ਼ਿਲਾਫ਼ ਐਸ.ਸੀ ਕਮਿਸ਼ਨ ਚੰਡੀਗੜ੍ਹ ਕੋਲ ਦਰਜ ਕੀਤੇ ਕੇਸ ਸਬੰਧੀ ਆਪਣੇ ਬਿਆਨ ਦਰਜ ਕਰਵਾਏ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਡੀ.ਏ.ਲੀਗਲ ਦੀ ਰਾਏ ਲੈ ਕੇ ਨੰਬਰਦਾਰ ਗੁਰਸੇਵਕ ਸਿੰਘ ਉਰਫ਼ ਮਿੱਠਾ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਵਿੱਚ ਕੇਸ ਦਰਜ ਕੀਤਾ ਗਿਆ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਖ਼ਿਲਾਫ਼ ਪਹਿਲਾਂ ਵੀ ਆਈਟੀ ਐਕਟ ਅਤੇ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਦੋ ਵੱਖ-ਵੱਖ ਕੇਸ ਦਰਜ ਹਨ।