ਬਰਨਾਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ) ਐਤਵਾਰ ਨੂੰ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਬਰਨਾਲਾ ਦੇ ਗੁਰਦੁਆਰਾ ਸ੍ਰੀ ਨਾਨਕਸਰ ਠਾਠ ਵਿਖੇ ਵੱਡੀ ਇਕੱਤਰਤਾ ਕਰਨ ਉਪਰੰਤ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਜਿਉਂ ਹੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਰਿਹਾਇਸ਼ ਨੇੜੇ ਪੁੱਜੇ ਤਾਂ ਉਥੇ ਵੱਡੀ ਗਿਣਤੀ ‘ਚ ਪੁਲਸ ਪ੍ਰਸ਼ਾਸਨ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਸੀ।ਜਿਉਂ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਕੋਲ ਜਾਣ ਤੋਂ ਰੋਕਿਆ ਗਿਆ ਤਾਂ ਮਾਹੌਲ ਤਣਾਅਪੂਰਨ ਬਣ ਗਿਆ।ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਸ ਪ੍ਰਗਟਾਉਦਿਆਂ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਇਸ ਉਪਰੰਤ ਬੇਰੁਜ਼ਗਾਰਾਂ ਨੇ ਬੈਰੀਕੇਡਾਂ ਦੇ ਸਾਹਮਣੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖ਼ਿਲਾਫ ਜੰਮਕੇ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਗੱਲਬਾਤ ਕਰਦਿਆਂ ਗੁਰਲਾਭ ਸਿੰਘ ਸੂਬਾ ਪ੍ਰਧਾਨ, ਕਮਲ ਮਾਨਸਾ, ਪਵਿੱਤਰ ਕੌਰ, ਸਿਪੀ ਸਰਮਾ ਤੇ ਰਾਜਪਾਲ ਜਲਾਲਾਬਾਦ ਨੇ ਕਿਹਾ ਕਿ ਵਿਭਾਗ ਵੱਲੋਂ 2011 ਵਿੱਚ 646 ਪੀਟੀਆਈ ਅਧਿਆਪਕਾਂ ਦੀ ਘਰ ਦੀ ਕੱਢੀ ਗਈ ਸੀ, ਜੋ ਕਿ ਅੱਜ ਤੱਕ ਅੱਧ ਵਿਚਕਾਰ ਲਟਕ ਰਹੀ ਹੈ। ਆਗੂਆਂ ਕਿਹਾ ਕਿ ਮਾਣਯੋਗ ਹਾਈ ਕੋਰਟ ਵਿੱਚ ਕੋਰਟ ਕੇਸ ਜਿੱਤਣ ਦੇ ਬਾਵਜੂਦ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸਾਡੀ ਇੱਕੋ ਮੰਗ ਹੈ ਕਿ ਸਾਡੀ ਮੈਰਿਟ ਲਿਸਟ ਨੂੰ ਤੁਰੰਤ ਜਾਰੀ ਕੀਤਾ ਜਾਵੇ।ਗੱਲਬਾਤ ਕਰਦੇ ਹੋਏ ਬੀਬਾ ਪਵਿੱਤਰ ਕੌਰ ਬਠਿੰਡਾ ਨੇ ਕਿਹਾ ਕਿ ਸਿੱਖਿਆ ਤੇ ਖੇਡ ਮੰਤਰੀ ਆਪਣੇ ਪਰਿਵਾਰ ਸਮੇਤ ਸ਼ਹਿਰ ਛੱਡ ਕਿਤੇ ਹੋਰ ਵਸਣ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਹੈ। ਰੋਸ ਪ੍ਰਗਟ ਕਰਦੇ ਹੋਏ ਪੀਟੀਆਈ ਯੂਨੀਅਨ ਵੱਲੋਂ ਕਿਹਾ ਗਿਆ ਕਿ ਉਹੀ ਮੰਤਰੀ ਰਵਾਇਤੀ ਪਾਰਟੀਆਂ ਦੀ ਹੋਂਦ ਵੇਲੇ ਸਾਡੇ ਨਾਲ ਧਰਨੇ ‘ਚ ਸ਼ਮੂਲੀਅਤ ਕਰਦੇ ਸਨ ਅੱਜ ਆਪਣਾ ਚਿਹਰਾ ਵਿਖਾਉਣ ਤੋਂ ਵੀ ਡਰਦੇ ਹਨ।