Home crime ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਡਿਊਟੀ ‘ਚ ਕੁਤਾਹੀ ਕਰਨ ਵਾਲੇ...

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਡਿਊਟੀ ‘ਚ ਕੁਤਾਹੀ ਕਰਨ ਵਾਲੇ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ 3 ਕੀਤੇ ਚਾਰਜਸ਼ੀਟ

39
0


ਚੰਡੀਗੜ੍ਹ, 17 ਦਸੰਬਰ: ( ਰਾਜੇਸ਼ ਜੈਨ, ਰੋਹਿਤ ਗੋਇਲ) –ਸੂਬੇ ਦੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਣਗਹਿਲੀ ਅਤੇ ਦੇਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਇਲਾਵਾ ਤਿੰਨ ਅਧਿਕਾਰੀਆਂ- ਜਿਨ੍ਹਾਂ ਵਿੱਚ ਦੋ ਸੀਨੀਅਰ ਸਹਾਇਕ ਅਤੇ ਇੱਕ ਸਹਾਇਕ ਅਸਟੇਟ ਅਫ਼ਸਰ ਸ਼ਾਮਲ ਹੈ, ਨੂੰ ਡਿਊਟੀ ’ਚ ਕੁਤਾਹੀ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਹੈ।ਵਿਭਾਗ ਵੱਲੋਂ ਇਹ ਸਖ਼ਤ ਕਾਰਵਾਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਨਲਾਈਨ ਪ੍ਰਣਾਲੀ ਸਥਾਪਿਤ ਕੀਤੀ ਹੈ ਜਿਸ ਉਤੇ ਵਿਭਾਗ ਨੂੰ ਪ੍ਰਾਪਤ ਹੋਈਆਂ ਅਰਜ਼ੀਆਂ ਅਤੇ ਫਾਈਲਾਂ ਦੀ ਸੀਨੀਅਰ ਅਧਿਕਾਰੀਆਂ ਅਤੇ ਖ਼ੁਦ ਉਨ੍ਹਾਂ (ਮਕਾਨ ਉਸਾਰੀ ਮੰਤਰੀ) ਵੱਲੋਂ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।  ਹਾਲ ਹੀ ਵਿੱਚ, ਮੰਤਰੀ ਨੇ ਖ਼ੁਦ ਹਰੇਕ ਪੱਧਰ ‘ਤੇ ਹਰੇਕ ਕੇਸ ਦੀ ਪੈਂਡੈਂਸੀ ਦੀ ਨਿੱਜੀ ਤੌਰ ‘ਤੇ ਪੜਤਾਲ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਵਿਭਾਗ ਦੇ 45 ਅਧਿਕਾਰੀਆਂ/ਕਰਮਚਾਰੀਆਂ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ, ਦੇ ਪੱਧਰ ਉਤੇ ਸਭ ਤੋਂ ਵੱਧ ਪੈਂਡੈਂਸੀ ਸੀ। ਇਨ੍ਹਾਂ ਵਿੱਚੋਂ ਤਿੰਨ ਨੂੰ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਨਾ ਦੇਣ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਹੈ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਕੇਸਾਂ ਦੀ ਕਲੀਅਰੈਂਸ ਵਿੱਚ ਬੇਲੋੜੀ ਦੇਰੀ ਕਰਨ ਨਾਲ ਜਿਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਉਥੇ ਹੀ ਅਨੈਤਿਕ ਤੇ ਭਿ੍ਸ਼ਟ ਤਰੀਕਿਆਂ ਦਾ ਜਨਮ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਫਰਜ਼ ਤੋਂ ਭੱਜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜਿਹੜੇ ਤਿੰਨ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਸਪਾਲ ਕੌਰ ਸਹਾਇਕ ਅਸਟੇਟ ਅਫ਼ਸਰ ਪਟਿਆਲਾ ਵਿਕਾਸ ਅਥਾਰਟੀ, ਰਾਜੇਸ਼ ਕੁਮਾਰ ਸੀਨੀਅਰ ਸਹਾਇਕ (ਲੇਖਾ) ਅੰਮਿ੍ਤਸਰ ਵਿਕਾਸ ਅਥਾਰਟੀ ਅਤੇ ਪਰਮਿੰਦਰ ਸਿੰਘ ਸੀਨੀਅਰ ਸਹਾਇਕ ਅਸਟੇਟ ਦਫ਼ਤਰ ਗਮਾਡਾ ਸ਼ਾਮਲ ਹਨ।ਜਿਹੜੇ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਵਿੱਚ ਅੰਮਿ੍ਤਸਰ ਵਿਕਾਸ ਅਥਾਰਟੀ ਦਾ ਇੱਕ ਜੂਨੀਅਰ ਇੰਜਨੀਅਰ (ਸਿਵਲ), ਜਲੰਧਰ ਵਿਕਾਸ ਅਥਾਰਟੀ ਦੇ ਚਾਰ ਜੂਨੀਅਰ ਇੰਜਨੀਅਰ, ਬਠਿੰਡਾ ਵਿਕਾਸ ਅਥਾਰਟੀ ਦਾ ਇੱਕ ਸੈਕਸ਼ਨ ਅਫ਼ਸਰ (ਐਸ.ਓ) ਅਤੇ ਇੱਕ ਸੀਨੀਅਰ ਸਹਾਇਕ (ਲੇਖਾ) ਅਤੇ ਗਲਾਡਾ ਦੇ ਚਾਰ ਸੀਨੀਅਰ ਸਹਾਇਕ (ਲੇਖਾ), ਇੱਕ ਸਹਾਇਕ ਅਸਟੇਟ ਅਫਸਰ, ਇੱਕ ਸਬ ਡਿਵੀਜ਼ਨ ਇੰਜਨੀਅਰ (ਸਿਵਲ), ਇੱਕ ਸੁਪਰਡੈਂਟ ਅਤੇ ਇੱਕ ਐਸ.ਓ. ਸ਼ਾਮਲ ਹੈ।ਇਸੇ ਤਰ੍ਹਾਂ ਗਮਾਡਾ ਦੇ 27 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਇੱਕ ਅਸਟੇਟ ਅਫਸਰ (ਮਕਾਨ ਉਸਾਰੀ), ਇੱਕ ਅਸਟੇਟ ਅਫਸਰ (ਪਲਾਟ), ਤਿੰਨ ਸਹਾਇਕ ਅਸਟੇਟ ਅਫਸਰ, ਚਾਰ ਸੁਪਰਡੈਂਟ (ਅਸਟੇਟ ਦਫ਼ਤਰ), ਦੋ ਸੀਨੀਅਰ ਸਹਾਇਕ (ਲੇਖਾ), ਸੱਤ ਕਲਰਕ, ਸੱਤ ਸੀਨੀਅਰ ਸਹਾਇਕ ਤੇ ਦੋ ਜੇ.ਈ. (ਸਿਵਲ) ਸ਼ਾਮਲ ਹਨ।ਡਿਊਟੀ ਤੋਂ ਟਾਲਾ ਵੱਟਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਅਰੋੜਾ ਨੇ ਸਪੱਸ਼ਟ ਕੀਤਾ ਕਿ ਆਪਣੇ ਫ਼ਰਜ਼ ਪ੍ਰਤੀ ਲੋਕ-ਸੇਵਕਾਂ ਦੀ ਟਾਲ਼-ਮਟੋਲ  ਵਾਲੀ ਪਹੁੰਚ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਿ੍ਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸੱਤਾ ਵਿੱਚ ਆਈ ਹੈ।

LEAVE A REPLY

Please enter your comment!
Please enter your name here