ਪਟਿਆਲਾ,(ਭੁੰਨਰਹੇੜੀ) : ਪਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਔਰਤ ਦੀ ਪਛਾਣ ਹਰਪ੍ਰੀਤ ਕੌਰ (45) ਤੇ ਉਸ ਦੀ ਧੀ ਨਵਦੀਪ ਕੌਰ (18) ਵਜੋਂ ਹੋਈ ਹੈ। ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਅਤੇ ਇੱਕ ਹੋਰ ਸਾਥੀ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਉਕਤ ਪਰਿਵਾਰ ਭੁਨਰਹੇੜੀ ਵਿਖੇ ਕਿਰਾਏ ‘ਤੇ ਰਹਿਣ ਆਇਆ ਸੀ। ਮ੍ਰਿਤਕ ਹਰਪ੍ਰੀਤ ਕੌਰ ਦਾ ਆਪਣੇ ਪਤੀ ਗੁਰਮੁਖ ਸਿੰਘ ਨਾਲ ਕਾਫੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਅੱਜ ਜਦੋਂ ਹਰਪ੍ਰੀਤ ਕੌਰ ਆਪਣੀ ਧੀ ਨਵਦੀਪ ਕੌਰ ਨਾਲ ਬਾਜ਼ਾਰ ਵਿੱਚ ਕੋਈ ਸਮਾਨ ਲੈਣ ਲਈ ਗਏ ਸਨ ਤਾਂ ਉਥੇ ਗੁਰਮੁਖ ਸਿੰਘ ਨੇ ਆਪਣੀ ਕਾਰ ਉਨ੍ਹਾਂ ਵਿਚ ਜਾ ਮਾਰੀ ਅਤੇ ਜਦੋਂ ਕਿ ਇਸ ਹਾਦਸੇ ਦੌਰਾਨ ਇਕ ਨੌਜਵਾਨ ਉਨ੍ਹਾਂ ਨੂੰ ਬਚਾਉਣ ਲਈ ਆਇਆ ਤਾਂ ਉਸ ਤੇ ਵੀ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਇੱਕੋ ਗਲੀ ਵਿੱਚ ਵੱਖ ਵੱਖ ਥਾਵਾਂ ਤੇ ਦੋਨਾਂ ਹੀ ਮਾਵਾਂ ਧੀਆਂ ਦੀ ਗਰਦਨ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਕੌਰ ਦਾ ਪਤੀ ਗੁਰਮੁਖ ਸਿੰਘ ਮਿਲਟਰੀ ਵਿਚੋਂ ਰਿਟਾਇਰ ਹੈ, ਬੁਢਲਾਡਾ ਸ਼ਹਿਰ ਨਾਲ ਸਬੰਧਤ ਹੈ ਅਤੇ ਆਪਣੀ ਪਤਨੀ ਅਤੇ ਬੱਚੀ ਤੋਂ ਅਲੱਗ ਰਹਿ ਰਿਹਾ ਹੈ। ਅੱਜ ਭੁੰਨਰਹੇੜੀ ਵਿਚ ਆ ਕੇ ਉਸ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ ਗਿਆ।