
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਮਚਾ ਦਿੱਤੀ। ਜ਼ਿਲ੍ਹੇ ਦੀ ਮਹਾਡ ਤਹਿਸੀਲ ‘ਚ ਰਹਿਣ ਵਾਲੀ ਇਕ ਔਰਤ ਨੇ ਆਪਣੇ 6 ਬੱਚਿਆਂ ਨੂੰ ਖੂਹ ‘ਚ ਸੁੱਟ ਦਿੱਤਾ, ਜਿਸ ਕਾਰਨ ਸਾਰੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਰੂਨਾ ਨਾਂ ਦੀ ਔਰਤ ਦਾ ਆਪਣੇ ਪਤੀ ਚਿਖੂਰੀ ਸਾਹਨੀ ਨਾਲ ਝਗੜਾ ਹੋ ਗਿਆ ਸੀ। ਇਸ ਗੱਲ ਨੂੰ ਲੈ ਕੇ ਸੋਮਵਾਰ ਰਾਤ ਕਰੀਬ 8 ਵਜੇ ਉਸ ਨੇ ਆਪਣੇ 6 ਬੱਚਿਆਂ ਨੂੰ ਖੂਹ ‘ਚ ਧੱਕਾ ਦੇ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਖੂਹ ‘ਚ ਛਾਲ ਮਾਰ ਦਿੱਤੀ।ਜਦੋਂ ਰੂਨਾ ਖੂਹ ਵਿੱਚ ਛਾਲ ਮਾਰਨ ਜਾ ਰਹੀ ਸੀ ਤਾਂ ਉਥੋਂ ਲੰਘ ਰਹੇ ਇੱਕ ਵਿਅਕਤੀ ਨੇ ਉਸ ਨੂੰ ਦੇਖ ਲਿਆ। ਉਸ ਆਦਮੀ ਨੇ ਰੌਲਾ ਪਾ ਕੇ ਪਿੰਡ ਵਾਲਿਆਂ ਨੂੰ ਇਕੱਠਾ ਕਰ ਲਿਆ। ਰੂਨਾ ਨੂੰ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਮਾਸੂਮ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਖਬਰ ਲਿਖੇ ਜਾਣ ਤੱਕ ਪੁਲਿਸ ਨੇ ਖੂਹ ‘ਚੋਂ 4 ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ ਸਨ, ਜਦਕਿ 2 ਦੀ ਭਾਲ ਜਾਰੀ ਸੀ।ਦੱਸਿਆ ਜਾ ਰਿਹਾ ਹੈ ਕਿ ਰੂਨਾ ਦਾ ਪਤੀ ਹਮੇਸ਼ਾ ਸ਼ਰਾਬੀ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਸੋਮਵਾਰ ਨੂੰ ਵੀ ਰੂਨਾ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ। ਰੂਨਾ ਦੀਆਂ ਪੰਜ ਧੀਆਂ ਅਤੇ ਇੱਕ ਪੁੱਤਰ ਸੀ। ਸਭ ਤੋਂ ਵੱਡੀ ਬੇਟੀ ਦੀ ਉਮਰ 10 ਸਾਲ ਦੱਸੀ ਜਾਂਦੀ ਹੈ, ਜਦੋਂ ਕਿ ਸਭ ਤੋਂ ਛੋਟੀ ਬੇਟੀ ਦੀ ਉਮਰ ਡੇਢ ਸਾਲ ਸੀ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਬਚਾਅ ਦਲ ਦੇ ਨਾਲ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਏਗੜ੍ਹ ਦੇ ਐਸਪੀ ਅਸ਼ੋਕ ਦੂਧੇ ਅਤੇ ਵਧੀਕ ਪੁਲਿਸ ਸੁਪਰਡੈਂਟ ਅਤੁਲ ਕੁਮਾਰ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।