ਪਟਿਆਲਾ, 30 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬਿਕਰਮ ਮਜੀਠੀਆਂ ਤੋਂ ਐਸਆਈਟੀ ਵਲੋਂ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ ਗਈ। ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਬਾਅਦ ਮਜੀਠੀਆ ਐਸਆਈਈ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫਤਰ ਪੁੱਜੇ। ਜਿਥੇ ਕਰੀਬ ਚਾਰ ਵਜੇ ਤਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ।ਪੇਸ਼ੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਕਿ ਐੱਸਆਈਟੀ ਅੱਗੇ ਅੱਜ ਪੰਜਵੀਂ ਵਾਰ ਪੇਸ਼ ਹੋਇਆ ਹਾਂ, ਕੇਸ ਤੋਂ ਮੈਂ ਡਰਨ ਵਾਲਾ ਨਹੀਂ ਹਾਂ। ਹੱਕ ਤੇ ਸੱਚ ਦੀ ਲੜਾਈ ਲੜਨੀ ਪੈਂਦੀ ਹੈ ਤੇ ਅਸੀਂ ਤਿਆਰ ਹਾਂ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਅਫਸਰਾਂ ਨੂੰ ਵਰਤ ਰਹੇ ਹਨ ਪਰ ਹੁਣ ਅਫਸਰਾਂ ਨੂੰ ਵਰਤਣ ਦੀ ਬਜਾਏ ਖੁਦ ਸਾਹਮਣੇ ਆਉਣ। ਉਨਾਂ ਕਿਹਾ ਕਿ ਹਾਈਕੋਰਟ ਦੇ ਜਮਾਨਤ ਦੇਣ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਕਹੀ ਗਈ ਹੈ। ਡੇਢ ਸਾਲ ਤੱਕ ਸਿੱਟ ਨੇ ਇਕ ਵਾਰ ਵੀ ਨਹੀਂ ਸੱਦਿਆ। ਸਿੱਟ ਮਈ ਮਹੀਨੇ ਵਿਚ ਬਣੀ ਪਰ ਦਸੰਬਰ ਮਹੀਨੇ ਵਿਚ ਸੱਦਿਆ ਗਿਆ ਹੈ।ਜਿਹੜੇ ਅਫਸਰ ਨੂੰ ਉਸਦੇ ਉਚ ਅਧਿਕਾਰੀ ਸੇਵਾ ਮੁਕਤੀ ਦਾ ਪੱਤਰ ਜਾਰੀ ਕਰ ਰਿਹਾ ਹੈ ਪਰ ਇਥੇ ਸੇਵਾ ਮੁਕਤੀ ਵਾਲਾ ਅਫਸਰ ਹੀ ਜਾਂਚ ਲਈ ਸੱਦ ਰਿਹਾ ਹੈ, ਜਿਸਤੋਂ ਪੱਖਪਾਤ ਸਪਸ਼ਟ ਹੁੰਦ ਹੈ। ਮਜੀਠੀਆ ਨੇ ਕਿਹਾ ਕਿ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦਾ ਹੱਥਠੋਕਾ ਬਣਨ ਵਾਲੇ ਅਫਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ। 11 ਸਾਲ ਤੋਂ ਕੋਈ ਨਿਚੋੜ ਨਹੀਂ ਨਿੱਕਲਿਆ, ਐਨਡੀਪੀਐਸ ਐਕਟ ਲਗਾਇਆ, ਅਦਾਲਤ ਨੇ ਵੀ ਬਰਾਮਦਗੀ ਬਾਰੇ ਪੁੱਛਿਆ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਅਧੀਨ ਹੁਸ਼ਿਆਰਪੁਰ ਵਿਚ ਰੱਖਿਆ ਗਿਆ ਤੇ ਹੁਣ ਉਸਨੂੰ ਵੀ ਈਡੀ ਅੱਗੇ ਪੇਸ਼ ਕਰ ਦੇਣਾ ਚਾਹੀਦਾ ਹੈ।ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ’ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਦੇ ਯਤਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੱਸਣ ਕਿ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਨ੍ਹਾਂ ਨੂੰ ਕੇਸ ਵਿਚ ਗਵਾਹ ਬਣਨ ਤੇ ਝੂਠਾ ਬਿਆਨ ਦੇਣ ਵਾਸਤੇ ਕਿਉਂ ਮਜਬੂਰ ਕਰ ਰਹੇ ਹਨ।ਐਡਵੋਕੇਟ ਕਲੇਰ ਨੇ ਬੀਤੇ ਦਿਨ ਅਕਾਲੀ ਦਲ ਦੇ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪਕਾਰ ਸਿੰਘ ਸੰਧੂ ਨੂੰ ਪਹਿਲਾਂ ਗਵਾਹ ਵਜੋਂ ਸੱਦਿਆ ਗਿਆ। ਜਦੋਂ ਉਸਨੇ ਦੋ ਸਾਲ ਪਹਿਲਾਂ ਮਜੀਠੀਆ ਖਿਲਾਫ਼ ਦਰਜ਼ ਕੀਤੇ ਝੂਠੇ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ’ਤੇ ਨਾਂਹ ਕਰ ਦਿੱਤੀ ਤਾਂ ਇਕ ਵਕੀਲ ਉਸਦੇ ਘਰ ਪੁੱਜਿਆ ਅਤੇ ਝੂਠੇ ਬਿਆਨ ’ਤੇ ਦਸਤਖ਼ਤ ਕਰਨ ਲਈ ਕਿਹਾ।ਡਰੱਗ ਕੇਸ ਦੀ ਜਾਂਚ ਲਈ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਨੇ ਮਜੀਠੀਆ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 30 ਦਸੰਬਰ ਨੂੰ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕੀਤੇ ਗਏ ਸਨ। ਇਸ ਸਬੰਧੀ ਮਜੀਠੀਆ ਤੋਂ ਕਮੇਟੀ ਦੇ ਚੇਅਰਮੈਨ-ਕਮ-ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ 18 ਦਸੰਬਰ ਨੂੰ ਕਰੀਬ ਸੱਤ ਘੰਟੇ ਪੁੱਛਗਿਛ ਕੀਤੀ ਗਈ ਸੀ, ਜਿਸ ਤੋਂ ਬਾਅਦ ਮਜੀਠੀਆ ਨੂੰ 27 ਦਸੰਬਰ ਨੂੰ ਕਮੇਟੀ ਅੱਗੇ ਮੁੜ ਪੇਸ਼ ਹੋਣ ਲਈ ਦੂਜਾ ਸੰਮਨ ਜਾਰੀ ਕੀਤਾ ਗਿਆ ਸੀ।