ਲੁਧਿਆਣਾ, 30 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਆਪਣੀ ਵੱਖਰੀ ਕਾਰਜਸ਼ੈਲੀ ਕਾਰਨ ਜਾਣੇ ਜਾਂਦੇ ਲੁਧਿਆਣਾਂ ਦੇ ਨਵਨਿਯੁਕਤ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲ਼ਖ ਨੇ ਜ਼ਿਲ੍ਹੇ ਦਾ ਚਾਰਜ ਸੰਭਾਲਦਿਆਂ ਹੀ ਨਿਯਮਾਂ ਤੋਂ ਉਲਟ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸਦੇ ਚੱਲਦਿਆਂ ਹੀ ਸਿਵਲ ਹਸਪਤਾਲ ਲੁਧਿਆਣਾ ਦੇ ਸਾਈਕਲ ਸਟੈਂਡ ਠੇਕੇਦਾਰ ਨੂੰ ਨਿਯਮਾਂ ਤੋਂ ਵਧੇਰੇ ਪਾਰਕਿੰਗ ਫ਼ੀਸ ਲੈਣ ਦੇ ਦੋਸ਼ ਵਜੋਂ 5 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਨਾਲ ਹੀ ਹਦਾਇਤਾਂ ਕੀਤੀਆ ਗਈਆ ਹਨ ਜੇਕਰ ਉਨਾ ਵੱਲੋ ਭਵਿੱਖ ਵਿਚ ਵੀ ਨਿਯਮਾਂ ਦੇ ਉਲਟ ਵਸੂਲੀ ਕੀਤੀ ਗਈ ਤਾਂ ਉਨਾਂ ਦਾ ਸਾਈਕਲ ਸਟੈਂਡ ਦਾ ਟੈਡਰ ਰੱਦ ਹੋ ਸਕਦਾ ਹੈ।ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਥਾਨਕ ਠੇਕੇਦਾਰ ਖ਼ਿਲਾਫ਼ ਮਰੀਜ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਉਨ੍ਹਾਂ ਵੱਲੋਂ ਆਪਣੇ ਪੱਧਰ ‘ਤੇ ਲੁਧਿਆਣਾ ਦੇ ਇੱਕ ਮੈਡੀਕਲ ਅਫਸਰ ਨੂੰ ਸਕੂਟਰ ਪਾਰਕ ਕਰਨ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ, ਜਿਸ ਤੋਂ ਉਕਤ ਠੇਕੇਦਾਰ ਨੇ ਨਿਰਧਾਰਿਤ 10 ਰੁਪਏ ਪਰਚੀ ਫ਼ੀਸ ਦੀ ਬਜਾਏ 100 ਰੁਪਏ ਲੈ ਲਏ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਜਿਸ ਵਿਚ ਸਬੰਧਤ ਠੇਕੇਦਾਰ ਵੱਲੋ ਮੰਨਿਆ ਗਿਆ ਕਿ ਉਨ੍ਹਾਂ ਵੱਲੋਂ 100 ਰੁਪਏ ਗੂਗਲ ਪੇਅ ਰਾਹੀਂ ਵਸੂਲ ਕੀਤੇ ਗਏ ਅਤੇ ਇਸ ਸਬੰਧ ਵਿਚ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਸਬੰਧਤ ਠੇਕੇਦਾਰ ਵੱਲੋਂ ਜੋ ਤਰਕ ਦਿੱਤਾ ਗਿਆ, ਉਸ ਅਨੁਸਾਰ ਉਹ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕਿਆ।ਉਨ੍ਹਾਂ ਦੱਸਿਆ ਕਿ ਜਦੋਂ ਸਿਵਲ ਹਸਪਤਾਲ ਵਿਚ ਸਾਈਕਲ ਸਟੈਂਡ ਦਾ ਠੇਕਾ ਕੀਤਾ ਗਿਆ ਸੀ ਤਾਂ ਸ਼ਰਤਾਂ ਵਿਚ ਲਿਖਿਆ ਗਿਆ ਸੀ ਕਿ ਜੇਕਰ ਠੇਕੇਦਾਰ ਤੈਅ ਕੀਤੀ ਗਈ ਰਕਮ ਤੋਂ ਵੱਧ ਪੈਸੇ ਲੈਂਦਾ ਪਾਇਆ ਗਿਆ ਤਾਂ ਉਸ ਦੀ ਇੱਕ ਮਹੀਨੇ ਦੀ ਠੇਕਾ ਫੀਸ ਜੁਰਮਾਨੇ ਵਜੋਂ ਕੱਟੀ ਜਾਵੇਗੀ ਅਤੇ ਦੂਜੀ ਵਾਰ ਵਸੂਲੀ ਕਰਨ ‘ਤੇ ਇੱਕ ਮਹੀਨੇ ਦੀ ਫੀਸ ਜੁਰਮਾਨੇ ਦੇ ਰੂਪ ਵਿਚ ਵਸੂਲ ਕੀਤੀ ਜਾਵੇਗੀ ਅਤੇ ਤੀਸਰੀ ਵਾਰ ਫਿਰ ਤੋਂ ਜੇਕਰ ਠੇਕੇਦਾਰ ਜ਼ਿਆਦਾ ਵਸੂਲੀ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਦਾ ਠੇਕਾ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਦੇ ਖਿ਼ਲਾਫ਼ ਕਾਰਵਾਈ ਤੈਅ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਕੀਤੀ ਗਈ ਹੈ।