ਲੁਧਿਆਣਾ,28, ਫਰਵਰੀ (ਬਿਊਰੋ ਡੇਲੀ ਜਗਰਾਉਂ ਨਿਊਜ਼)ਪੱਖੋਵਾਲ ਰੋਡ ਤੇ ਪੈਂਦੇ ਹੋਟਲ ਜ਼ੈੱਡ ਗ੍ਰੈਂਡ ਅੰਦਰ ਦਬਿਸ਼ ਦੇ ਕੇ ਥਾਣਾ ਸਦਰ ਦੀ ਪੁਲਿਸ ਨੇ ਜੂਆ ਖੇਡ ਰਹੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਮੈਕਸ ਫਲੈਟਸ ਦੇ ਰਹਿਣ ਵਾਲੇ ਹੈਦਰ, ਹੋਟਲ ਜ਼ੈੱਡ ਗਰੈਂਡ ਦੇ ਮੈਨੇਜਰ ਦੀਪਕ ਯਾਦਵ, ਮਾਡਲ ਟਾਊਨ ਦੇ ਵਾਸੀ ਉਮੇਸ਼ ਕੁਮਾਰ, ਸ਼ਾਸਤਰੀ ਨਗਰ ਜਗਰਾਓਂ ਦੇ ਰਹਿਣ ਵਾਲੇ ਨਵਲ ਕੁਮਾਰ, ਭਾਰਤ ਨਗਰ ਦੇ ਵਾਸੀ ਮੁਕੇਸ਼ ਕੁਮਾਰ, ਨਿਊ ਅਮਨ ਨਗਰ ਦੇ ਮਨਦੀਪ ਸਿੰਘ, ਦਿਓਲ ਇਨਕਲੇਵ ਦੇ ਵਾਸੀ ਪੰਕਜ ਜੈਨ, ਦੁਰਗਾ ਪੁਰੀ ਦੇ ਅਰੁਣ ਗੁਪਤਾ, ਜਗਰਾਓਂ ਦੇ ਵਾਸੀ ਅਮਨਪ੍ਰੀਤ ਸਿੰਘ, ਸ਼ਾਸਤਰੀ ਨਗਰ ਜਗਰਾਓਂ ਦੇ ਰਹਿਣ ਵਾਲੇ ਅਮਿਤ ਬਾਂਸਲ ਤੇ ਅਮਨ ਕੁਮਾਰ ਵਜੋਂ ਹੋਈ ਹੈ।ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਪੁਲਿਸ ਨੇ ਦੱਸਿਆ ਕਿ ਮੁਲਾਜ਼ਮ ਫੁੱਲਾਂਵਾਲ ਚੌਕ ‘ਚ ਮੌਜੂਦ ਸੀ। ਇਸੇ ਦੌਰਾਨ ਮੁਖ਼ਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਹੋਟਲ ਜ਼ੈੱਡ ਗਰੈਂਡ ਵਿੱਚ ਵੱਡਾ ਜੂਆ ਚੱਲ ਰਿਹਾ ਹੈ। ਹੋਟਲ ਦੇ ਮਾਲਕ ਤੇ ਮੈਨੇਜਰ ਬਾਕੀ ਮੁਲਜ਼ਮਾਂ ਨਾਲ ਮਿਲ ਕੇ ਕਮਰਿਆਂ ਵਿੱਚ ਜੂਆ ਖੇਡ ਰਹੇ ਹਨ। ਜਾਣਕਾਰੀ ਤੋਂ ਬਾਅਦ ਤਫਤੀਸ਼ੀ ਅਫਸਰ ਗੁਰਪ੍ਰੀਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਹੋਟਲ ਵਿਚ ਦਬਿਸ਼ ਦਿੱਤੀ ਤੇ ਜੂਆ ਖੇਡ ਰਹੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ।ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ 9 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਵਧੇਰੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਸੋਮਵਾਰ ਨੂੰ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ।
