

ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ)- ਜਗਰਾਉਂ ਦਾ ਰੋਸ਼ਨੀ ਮੇਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।ਇਸ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ। ਮੰਗਲਵਾਰ ਸ਼ਾਮ ਕਰੀਬ ਨੌ ਵਜੇ ਪੁਲੀਸ ਪ੍ਰਸ਼ਾਸਨ ਵੱਲੋਂ ਰੋਸ਼ਨੀ ਮੇਲਾ ਬੰਦ ਕਰਵਾ ਦਿੱਤਾ ਗਿਆ। ਥਾਣਾ ਸਿਟੀ ਐਸ ਐਚ ਓ ਹੀਰਾ ਸਿੰਘ ਵੱਲੋਂ ਪੁਲੀਸ ਫੋਰਸ ਨਾਲ ਮੇਲਾ ਸਥਾਨ ਤੇ ਪਹੁੰਚ ਕੇ ਮੇਲੇ ਵਿੱਚ ਲਗੀਆਂ ਦੁਕਾਨ ਤੇ ਝੂਟਿਆਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ।ਜਿਸ ਤੋਂ ਬਾਅਦ ਮੇਲਾ ਪ੍ਰਬੰਧਕਾਂ ਵੱਲੋਂ ਆਪਣੇ ਸਟਾਲ ਅਤੇ ਝੂਟੇ ਬੰਦ ਕਰ ਦਿੱਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਹੀਰਾ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਮੇਲਾ ਬੰਦ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਦੇਸ਼ ਵਿਚ ਮਹਾਸ਼ਿਵਰਾਤਰੀ ਦਾ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਸ਼ਿਵਰਾਤਰੀ ਮੋਕੇ ਸ਼ਹਿਰ ਦੇ ਸਾਰੇ ਹੀ ਮੰਦਿਰਾਂ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ। ਜਿਸ ਕਾਰਨ ਪੁਲੀਸ ਪ੍ਰਸ਼ਾਸਨ ਅਲਰਟ ਤੇ ਹੈ। ਉਨ੍ਹਾਂ ਕਿਹਾ ਕਿ ਮਹਾਸ਼ਿਵਰਾਤਰੀ ਮੋਕੇ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਮੇਲਾ ਰੋਸ਼ਨੀ ਦਾ ਬੰਦ ਕਰਵਾਇਆ ਗਿਆ ਹੈ ਕਿਉਂਕਿ ਰਾਤ ਸਮੇਂ ਮੇਲੇ ਵਿੱਚ ਕਾਫੀ ਇਕੱਠ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਵੀ ਤਰ੍ਹਾਂ ਕੋਈ ਅਣਹੋਣੀ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਣ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਸ਼ਹਿਰਵਾਸੀ ਵਿੱਚ ਬਿਨਾਂ ਕਿਸੇ ਡਰ ਭੈਅ ਤੋਂ ਇਹ ਸ਼ੁਭ ਦਿਹਾੜਾ ਪੂਰੀ ਸ਼ਰਧਾ ਨਾਲ਼ ਮਨਾਉਣ।