ਫਾਜ਼ਿਲਕਾ 18 ਜੁਲਾਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)-: ਸਤਲੁਜ ਦਰਿਆ ‘ਚ ਹੜ੍ਹ ਆਉਣ ਤੋਂ ਬਾਅਦ ਪੰਜਾਬ ਦੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ। ਕਰੀਬ 800 ਏਕੜ ‘ਚ ਖੜ੍ਹੀ ਫਸਲ ਪਾਣੀ ‘ਚ ਡੁੱਬ ਗਈ ਹੈ, ਜਦਕਿ ਖੇਤਾਂ ‘ਚ ਬਣੇ ਮਕਾਨਾਂ ‘ਚ ਵੀ ਪਾਣੀ ਦੀ ਮਾਰ ਝੱਲਣੀ ਸ਼ੁਰੂ ਹੋ ਗਈ ਹੈ। ਝੋਨਾ, ਕਪਾਹ, ਮੂੰਗੀ ਅਤੇ ਜਵਾਰ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਪਹਾੜਾਂ ’ਤੇ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਪਿੰਡ ਵਾਸੀ ਖਾਸ ਕਰਕੇ ਕਿਸਾਨ ਡਰੇ ਹੋਏ ਹਨ। ਭਾਵੇਂ ਐਤਵਾਰ ਨੂੰ ਸਤਲੁਜ ਦੇ ਪਾਣੀ ਦਾ ਪੱਧਰ ਕੁਝ ਘਟਿਆ ਪਰ ਇਸ ਨਾਲ ਪਿੰਡ ਵਾਸੀਆਂ ਦਾ ਡਰ ਦੂਰ ਨਹੀਂ ਹੋਇਆ।ਮਿਲੀ ਜਾਣਕਾਰੀ ਮੁਤਾਬਿਕ ਮੁਕਤਸਰ ਅਤੇ ਫਾਜ਼ਿਲਕਾ ਜਿਲ੍ਹੇ ਵਿੱਚ 40 ਫੀਸਦੀ ਨਰਮੇ ਦੀ ਫਸਲ ਖਰਾਬ ਹੋ ਗਈ ਹੈ। ਪੰਜਾਬ ਵਿੱਚ ਨਰਮੇ ਅਧੀਨ ਦੋ ਲੱਖ 40 ਹਜ਼ਾਰ ਹੈਕਟੇਅਰ ਰਕਬਾ ਹੈ। ਸਤਲੁਜ ਦਰਿਆ ‘ਚ ਹੜ੍ਹ ਆਉਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਨਰਮੇ ਦੇ ਬੂਟੇ ਖਰਾਬ ਹੋ ਗਏ ਹਨ।ਕਈ ਥਾਵਾਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਕਾਰਨ 20 ਫੀਸਦੀ ਨਰਮੇ ਦੀ ਫਸਲ ਖਰਾਬ ਹੋ ਰਹੀ ਹੈ।ਹਲਕਾ ਲੰਬੀ ਅਤੇ ਮਲੌਟ ਦੀ ਹਜਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ, ਜਿੱਥੇ ਇਸ ਬਾਰਸ਼ ਨਾਲ ਝੋਨੇ ਨਰਮੇ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ ਉਥੇ ਪਸ਼ੂਆਂ ਲਈ ਬੀਜੇ ਚਾਰੇ ਦਾ ਭਾਰੀ ਨੁਕਸਾਨ ਹੋਇਆ । ਹਲ਼ਕੇ ਦੇ ਪਿੰਡ ਮਿਡਾਂ ,ਰਾਣੀਵਾਲਾ,ਬੋਦੀਵਾਲਾ, ਪੱਕੀ ਟਿਬੀ , ਈਨਾਂਖੇੜਾ , ਵਿਰਕਾ ਆਦਿ ਪਿੰਡ ਕਾਫੀ ਪ੍ਰਭਾਵਤ ਹੋਏ ਹਨ ਫਸਲਾਂ ਵਿਚ ਖੜਾ ਗੋਡੇ ਗੋਡੇ ਪਾਣੀ ਇਕ ਝੀਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
