ਚੰਡੀਗੜ੍ਹ, 23 ਅਗਸਤ: ( ਭਗਵਾਨ ਭੰਗੂ, ਰਿਤੇਸ਼ ਭੱਟ) –
ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਵਲੋਂ ਕਣਕ ਦਾ ਮਿਆਰੀ ਬੀਜ਼, ਖਾਦ ਅਤੇ ਦਵਾਈਆਂ ਵਾਜਬ ਮੁੱਲ ‘ਤੇ ਕਿਸਾਨਾਂ ਨੂੰ ੳਪਲੱਬਧ ਕਰਵਾਈਆਂ ਜਾਣਗੀਆਂ।ਅੱਜ ਇੱਥੇ ਪਨਸੀਡ, ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਉਪਰੰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਣਕ ਦੇ ਨਕਲੀ ਬੀਜ਼ ਦਾ ਇੱਕ ਵੀ ਦਾਣਾ ਬਜ਼ਾਰ ਵਿਚ ਨਹੀਂ ਵਿਕਣ ਦਿੱਤਾ ਜਾਵੇਗਾ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਖੇਤੀ ਦਾ ਅਧਾਰ ਬੀਜ਼ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮਿਆਰੀ ਬੀਜ਼ ਵਾਜਬ ਮੁੱਲ ‘ਤੇ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਾਈਵੇਟ ਤੌਰ ‘ਤੇ ਗੈਰ ਮਿਆਰੀ ਬੀਜ਼ ਵੇਚਣ ਵਾਲੇ ਲੋਕਾਂ ਦੀ ਲੁੱਟ ਤੋਂ ਬਚਾਉਣ ਲਈ ਇਹ ਵੱਡਾ ਉਪਰਾਲਾ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਏਜੰਸੀਆਂ ਪਨਸੀਡ, ਰਾਸ਼ਟਰੀ ਬੀਜ਼ ਕਾਰਪੋਰੇਸ਼ਨ ਆਦਿ ਰਾਹੀਂ ਬੀਜ਼ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਲਈ ਠੋਸ ਨੀਤੀ ਬਣਾਈ ਜਾ ਰਹੀ ਹੈ।ਇਹ ਬੀਜ਼ ਅੱਗੇ ਮਾਨਤਾ ਪ੍ਰਾਪਤ ਡੀਲਰਾਂ ਰਾਹੀਂ ਹੀ ਕਿਸਾਨਾਂ ਨੂੰ ਦਿੱਤਾ ਜਾਵੇਗਾ।ਸਰਕਾਰ ਵਲੋਂ ਬਿਨਾਂ ਕਿਸੇ ਖੱਜਲ ਖੁਆਰੀ ਅਤੇ ਬਿਨਾਂ ਦੇਰੀ ਦੇ ਬੀਜ਼ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੀਜ਼ ‘ਤੇ ਸਬਸਿਡੀ ਦੇਣ ਲਈ ਪ੍ਰਣਾਲੀ ਨੂੰ ਹੋਰ ਸੌਖਾਲਾ ਕੀਤਾ ਜਾਵੇਗਾ।
ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿ ਬੀਜ਼ ਦੀ ਕਮੀ ਨੂੰ ਪੂਰਾ ਕਰਨ ਲਈ ਰਾਸ਼ਟਰੀ ਬੀਜ਼ ਕਾਰਪੋਰੇਸ਼ਨ ਨਾਲ ਰਾਬਤਾ ਕਾਇਮ ਕੀਤਾ ਜਾਵੇ।ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਮਿਆਰੀ ਬੀਜ਼ ਖਾਦ ਅਤੇ ਦਵਾਈਆਂ ਸਮੇਂ ਸਿਰ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਲਈ ਠੋਸ ਪਲੈਨ ਅਗਲੇ ਹਫਤੇ ਤੱਕ ਤਿਆਰ ਕਰਕੇ ਪੇਸ਼ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੱਜ਼ਲਖੁਆਰੀ ਨਾ ਹੋਵੇ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਕੱਤਰ ਅਰਸ਼ਦੀਪ ਸਿੰਘ ਥਿੰਦ, ਪਨਸੀਡ ਦੇ ਐਮ.ਡੀ ਮਨਜੀਤ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਤੋਂ ਇਲਾਵਾ ਪਨਸੀਡ ਅਤੇ ਪੰਜਾਬ ਐਗਰੋ ਦੇ ਅਧਿਕਾਰੀ ਵੀ ਹਾਜ਼ਰ ਸਨ।