** ਕੈਂਪ ਲਗਾਉਣ ਦਾ ਅਸਲ ਮਨੋਰਥ ਲੋੜਵੰਦ ਲੋਕਾਂ ਦੇ ਘਰਾਂ ਦੇ ਨੇੜੇ ਫਾਰਮ ਭਰ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ : ਵਿਧਾਇਕ ਮਾਲੇਰਕੋਟਲਾ
* ਹਰ ਬੁੱਧਵਾਰ ਨੂੰ ਵੱਖ ਵੱਖ ਥਾਵਾਂ ਉਤੇ ਸੁਵਿਧਾ ਕੈਂਪ ਲਗਾ ਕੇ ਭਰੇ ਜਾਣਗੇ ਫਾਰਮ : ਡਾਕਟਰ ਜਮੀਲ ਉਰ ਰਹਿਮਾਨ
*** ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਬਿਨਾ ਖੱਜਲ ਖੁਆਰੀ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ
ਮਾਲੇਰਕੋਟਲਾ 24 ਅਗਸਤ ( ਰਿਤੇਸ਼ ਭੱਟ) –

ਪੰਜਾਬ ਸਰਕਾਰ ਸੂਬੇ ਦੇ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਦੇਣ ਲਈ ਵਿਸ਼ੇਸ਼ ਕਦਮ ਪੁੱਟਦੇ ਹੋਏ ਦੂਰ ਦੁਰਾਂਡੇ ਪੇਂਡੂ ਖੇਤਰ ਵਿਚ ਰਹਿ ਰਹੇ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਬਲਾਕ ਮਾਲੇਰਕੋਟਲਾ ਵਿਖੇ ਕਿਲਾ ਰਹਿਮਤਗੜ੍ਹ ਨੇੜੇ ਪ੍ਰਾਇਮਰੀ ਸਕੂਲ ਵਿਖੇ ਲਗਾਏ ਗਏ ਪੈਨਸ਼ਨ ਸੁਵਿਧਾ ਕੈਂਪ ਦਾ ਜਾਇਜਾ ਲੈਣ ਮੌਕੇ ਕੀਤਾ । ਕੈਂਪ ਲਗਾਉਣ ਦਾ ਅਸਲ ਮਨੋਰਥ ਲੋੜਵੰਦ ਲੋਕਾਂ ਦੇ ਘਰਾਂ ਦੇ ਨੇੜੇ ਫਾਰਮ ਭਰ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ। ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ-ਉਰ-ਰਹਿਮਾਨ ਦੇ ਸ਼ਰੀਕ-ਏ-ਹਯਾਤ(ਸੁਪਤਨੀ) ਫ਼ਰਿਆਲ ਰਹਿਮਾਨ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਾਫ਼ਰ ਅਲੀ , ਸਮਾਜ ਸੇਵੀ ਅਸ਼ਰਫ਼ ਅਬਦੁੱਲਾ, ਮੁਹੰਮਦ ਹਬੀਬ, ਮੁਹੰਮਦ ਅਸਲਮ (ਕਾਲਾ), ਯਾਸਰ ਅਲੀ ਖਾਨ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ।
ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਅਜਿਹੇ ਕੈਂਪ ਯੋਗ ਲੋੜਵੰਦ ਲੋਕਾਂ ਨੂੰ ਬਿਨਾ ਖੱਜਲ ਖੁਆਰੀ ਸਰਕਾਰੀ ਯੋਜਨਾਵਾ ਦਾ ਲਾਭ ਦੇਣ ਵਿਚ ਸਹਾਈ ਹੋਣਗੇ। ਇਸ ਦੇ ਲਈ ਸਭ ਤੋਂ ਪਹਿਲਾ ਪੈਨਸ਼ਨ ਸੁਵਿਧਾ ਕੈਂਪ ਲਗਾਉਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਦੁਆਰਾ 28 ਸਤੰਬਰ ਤੱਕ ਹਫਤੇ ਦੇ ਹਰੇਕ ਬੁੱਧਵਾਰ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਪੈਨਸ਼ਨ ਸੁਵਿਧਾ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰ ਕੇ ਇਹ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਆਪਣੇ ਅਧੀਨ ਪੈਂਦੇ ਪਿੰਡਾਂ ਦੀਆਂ ਸਰਕਲ ਸੁਪਵਾਈਜਰਾਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਤਾਂ ਜੋ ਹਰ ਲੋੜਵੰਦ ਤੱਕ ਭਲਾਈ ਸਕੀਮਾਂ ਦਾ ਲਾਭ ਪੁਹੰਚਾਇਆ ਜਾ ਸਕੇ । ਇਸੇ ਕੜੀ ਤਹਿਤ ਅੱਜ ਬਲਾਕ ਅਹਿਦਗੜ੍ਹ ਵਿਖੇ ਗੁਰੂਦੁਆਰਾ ਸਿੰਘ ਸਭਾ ਸੰਦੋੜ ਵਿਖੇ ਵੀ ਬਲਾਕ ਪੱਧਰੀ ਵਿਖੇ ਪੈਨਸ਼ਨ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਪਾਂ ਦੌਰਾਨ ਲੋੜਵੰਦ ਅਤੇ ਯੋਗ ਲਾਭਪਾਤਰੀਆਂ ਦੇ ਬੁਢਾਪਾ ਪੈਨਸ਼ਨ,ਵਿਧਵਾ ਪੈਨਸ਼ਨ ਤੇ ਦਿਵਿਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਕੁਲ 76 ਫਾਰਮ ਭਰੇ ਗਏ ਹਨ ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਐਮ.ਸੀ ਮੁਹੰਮਦ ਹਬੀਬ, ਮੁਹੰਮਦ ਅਸਲਮ (ਕਾਲਾ) ਅਤੇ ਕੈਂਪ ਵਿਚ ਵਿਸੇਸ ਤੌਰ ਤੇ ਪਹੁੰਚੇ ਸਥਾਨਕ ਵਾਸੀਆਂ ਨੇ ਕਿਹਾ ਕਿ ਲੋੜਵੰਦ ਯੋਗ ਲੋਕਾਂ ਦੀ ਦਫਤਰਾਂ ਦੇ ਚੱਕਰ ਲਗਾ ਕੇ ਹੋਣ ਵਾਲੀ ਬੇਲੋੜੀ ਖੱਜਲ ਖੁਆਰੀ ਖਤਮ ਕਰਨ ਦਾ ਪੰਜਾਬ ਸਰਕਾਰ ਦਾ ਇਸ ਤਰਾਂ ਦੇ ਕੈਂਪ ਲਗਾਉਣ ਦਾ ਫੈਸਲਾ ਬਹੁਤ ਹੀ ਸ਼ਲਾਘਾ ਯੋਗ ਹੈ । ਉਹਨਾਂ ਪੈਂਸ਼ਨਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਪਿੰਡਾਂ, ਸ਼ਹਿਰਾਂ ਅਤੇ ਵਾਰਡ ਪੱਧਰ ਉੱਪਰ ਅਧਿਕਾਰੀ ਬੈਠ ਕੇ ਪੈਨਸ਼ਨ ਸਬੰਧੀ ਮੁਸ਼ਕਿਲਾਂ ਹੱਲ ਕਰਨਗੇ।