Home Entertainment ਜਲ ਕਣ:ਰਚਨਾਤਮਕ ਪਰਤਾਂ ਅਤੇ ਪਾਸਾਰ

ਜਲ ਕਣ:
ਰਚਨਾਤਮਕ ਪਰਤਾਂ ਅਤੇ ਪਾਸਾਰ

66
0

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਮੁੱਢ ਕਦੀਮੀ ਸਾਂਝ ਦੀ ਝਲਕ ਪੇਸ਼ ਕਰਦਾ ਹੈ। ਉਸ ਨੇ ਸਥਾਪਤੀ ਦੇ ਵਿਰੁੱਧ ਬੇਬਾਕ ਹੋਣ ਵਾਲੇ ਹਰ ਸ਼ਖ਼ਸ ਦੀ ਗੱਲ ਖੁੱਲ੍ਹਦਿਲੀ ਨਾਲ ਕੀਤੀ ਹੈ। ਬਾਬਾ ਨਜਮੀ ਦਾ ਜ਼ਿਕਰ ਦੋਹਾਂ ਪੰਜਾਬਾਂ ਦੀ ਸਾਂਝ ਦੀ ਸੁਰ ਛੇੜਦਾ ਹੈ। ਸਰਹੱਦੋਂ ਪਾਰ ਵਸਦੇ ਸ਼ਾਇਰ ਦਾ ਜ਼ਿਕਰ ਇਸ ਗੱਲ ਦੀ ਗਵਾਹੀ ਹੈ ਕਿ ਸ਼ਬਦਾਂ ਦੀ ਸਾਂਝ ਦਾ ਦਾਇਰਾ ਸਦਾ ਰਾਜਨੀਤਕ ਹੱਦਾਂ ਤੋਂ ਵਸੀਹ ਹੁੰਦਾ ਹੈ। ਮਾਨਵਵਾਦੀ ਕਲਮਾਂ ਦੇਸ਼ਾਂ- ਦੇਸ਼ਾਂਤਰਾਂ ਵਿੱਚ ਉਲਝਣ ਦੀ ਬਜਾਏ ਮਨੁੱਖਤਾ ਦੇ ਸਰਬ ਸਾਂਝੇ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ:

ਬਾਬਾ ਨਜਮੀ ਸ਼ਬਦ ਬਾਣ ਦਾ ਬਿਲਕੁਲ ਜਿੱਸਰਾਂ ਦੂਜਾ ਨਾਂ ਹੈ।
ਜਿਸ ਉੱਪਰ ਇਹ ਹੱਲਾ ਬੋਲੇ, ਮਰਨ ਲਈ ਉਹ ਲੱਭਦਾ ਥਾਂ ਹੈ।
ਜਦੋਂ ਬੋਲਦੈ ਭਰੀ ਸਭਾ ਵਿੱਚ ਜਾਂ ਕਿਧਰੇ ਜਲਸੇ ਵਿਚ ਗੱਜੇ,
ਲੱਗਦੈ, ਇਹਦਾ ਸੂਰਜ ਬਾਬਲ, ਧਰਤੀ ਇਸ ਦੀ ਸਕੀ ਮਾਂ ਹੈ।

ਪਰੰਪਰਾ ਵਿੱਚ ਸਭ ਕੁਝ ਮਾਣ-ਮੱਤਾ  ਹੀ ਨਹੀਂ ਹੁੰਦਾ ਸਗੋਂ ਇਸ ਵਿੱਚ ਬਹੁਤ ਕੁਝ ਨਕਾਰਨਯੋਗ ਵੀ ਹੁੰਦਾ ਹੈ। ਆਲੋਚਨਾਤਮਕ ਸੂਝ ਆਪਣੀ ਪਰੰਪਰਾ ਦੀ ਨਿਰੋਲ ਸਰਾਹਨਾ ਕਰਨ ਦੀ ਬਜਾਏ ਇਸ ਵਿਚਲੀਆਂ ਕੁਰੀਤੀਆਂ ਪ੍ਰਤੀ ਵਿਰੋਧ ਦੀ ਬਿਰਤੀ ਦੀ ਧਾਰਨੀ ਵੀ ਹੁੰਦੀ ਹੈ।
ਗੁਰਭਜਨ  ਗਿੱਲ ਨੇ ਪੰਜਾਬ ਦੀ ਪਰੰਪਰਾ ਵਿਚ ‘ਭਰੂਣ ਹੱਤਿਆ’ ਵਰਗੇ ਬੇਰਹਿਮ ਵਰਤਾਰੇ ਵਿਰੁੱਧ ਹਾਅ ਦਾ ਨਾਅਰਾ ਵੀ ਮਾਰਿਆ ਹੈ। ਭਰੂਣ ਹੱਤਿਆ ਸਾਡੇ ਸਮਾਜ ਦਾ ਵੱਡਾ ਕੁਹਜ ਹੈ। ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਵਰਤਾਰਾ ਹੈ ਸਮੇਂ ਸਮੇਂ ਪੰਜਾਬ ਦਾ ਲਿੰਗ ਅਨੁਪਾਤ ਵੀ ਸਾਨੂੰ ਇਸ ਪਾਸੇ ਸੋਚਣ ਲਈ ਮਜਬੂਰ ਕਰਦਾ ਹੈ। ਸ਼ਾਇਰ ਨੇ ਭਰੂਣ ਹੱਤਿਆ ਦੇ ਖ਼ਿਲਾਫ਼ ਵੀ ਬਹੁਤ ਹੀ ਸੰਵੇਦਨਾ ਭਰਪੂਰ ਅੰਦਾਜ਼ ਵਿੱਚ ਆਪਣੇ ਹਾਵ ਅਭਿ ਵਿਅਕਤ ਕੀਤੇ ਹਨ। ਇਸੇ ਵਿਸ਼ੇ ਤੇ ਸ਼ਾਇਰ ਵੱਲੋਂ ਲਿਖੀ ‘ਲੋਰੀ’ ਵੀ ਬੇਹੱਦ ਮਕਬੂਲ ਹੋਈ ਹੈ।
ਸ਼ਾਇਰ ਦੇ ਮਨ ਵਿੱਚ ਅਜਿਹਾ ਕੁਕਰਮ ਕਰਨ ਵਾਲੇ ਸਮਾਜ ਦੇ ਈਮਾਨ  ਪ੍ਰਤੀ ਵੀ ਸ਼ੱਕੀ ਭਾਵ ਉਪਜਦੇ ਹਨ:

ਇਸ ਧਰਤੀ ਨੇ ਰੱਖਣੀ ਜੇਕਰ ਕਾਇਮ ਦਾਇਮ ਸ਼ਾਨ ਸਲਾਮਤ।
ਰੱਖਣੀ ਬਹੁਤ ਜ਼ਰੂਰੀ ਮਿੱਤਰੋ ਬਾਲੜੀਆਂ ਦੀ ਜਾਨ ਸਲਾਮਤ।
ਜਿਸ ਬਗ਼ੀਚੇ ਦਾ ਹੀ ਮਾਲੀ ਖਿੜਨੋਂ ਪਹਿਲਾਂ ਡੋਡੀਆਂ ਤੋੜੇ,
ਕਿੱਦਾਂ ਸਾਬਤ ਰਹਿ ਸਕਦਾ ਹੈ, ਉਸ ਨਗਰੀ ਈਮਾਨ ਸਲਾਮਤ।

ਸ਼ਾਇਰ ਦੀ ਸੂਝ ਦੀ ਰਸਾਈ ਦਿਸਦੇ ਤੋਂ ਅਣਦਿਸਦੇ ਯਥਾਰਥ ਤਕ ਹੁੰਦੀ ਹੈ। ਚੜ੍ਹਦੀ ਕਲਾ ਵਾਲੇ ਸ਼ਾਇਰ ਗੁਰਭਜਨ ਗਿੱਲ ਨੇ ਜ਼ਿੰਦਗੀ ਵਿੱਚ ਆਉਣ
ਵਾਲੀਆਂ ਤਮਾਮ ਔਕੜਾਂ ਨੂੰ ਨਿਰਾਸ਼ਾਜਨਕ ਮੰਨਣ ਦੀ ਬਜਾਏ ਉਸਾਰੂ ਬਿਰਤੀ ਦੀਆਂ ਲਖਾਇਕ ਮੰਨਦਾ ਹੈ। ਉਸ ਮੁਤਾਬਿਕ ਮੁਸੀਬਤਾਂ ਇਨਸਾਨ ਦੀ ਸ਼ਖ਼ਸੀਅਤ ਦੀ ਘਾੜਤ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਸ਼ਾਇਰ ਮੁਸੀਬਤਾਂ ਤੋਂ ਭੱਜਣ ਦੀ ਬਜਾਏ ਇਨ੍ਹਾਂ ਦਾ ਸਾਹਮਣਾ ਕਰਨ ਦੀ ਬਿਰਤੀ ਦਾ ਧਾਰਨੀ ਹੈ। ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਜ਼ਿੰਦਗੀ ਵਿਚ ਆਏ ਨਿਰਾਸ਼ਾਜਨਕ ਪਲ ਵੀ ਸਿਰਜਣਾਤਮਕ ਹੋ ਨਿੱਬੜਦੇ ਹਨ:

ਤੇਰੇ ਤੀਕ ਕਦੇ ਨਾ ਪੁੱਜਦਾ, ਜੇ ਮੁਸ਼ਕਲ ਵੰਗਾਰ ਨਾ ਬਣਦੀ।
ਸੁਖ ਦੀ ਛਾਵੇਂ ਸੌਂ ਜਾਂਦਾ ਤਾਂ ਕਿੱਦਾਂ ਫੇਰ ਮੁਸੀਬਤ ਛਣਦੀ।
ਜ਼ਿੰਦਗੀ ਤੇਰਾ ਲੱਖ ਸ਼ੁਕਰਾਨਾ, ਧੁੱਪਾਂ ਦਿੱਤੀਆਂ, ਛਾਵਾਂ ਦਿੱਤੀਆਂ,
ਏਸੇ ਨੇ ਹੀ ਮੈਨੂੰ ਘੜਿਆ, ਸੋਝੀ ਦਿੱਤੀ ਹੈ ਕਣ ਕਣ ਦੀ।

ਸਾਧਾਰਣ ਬੋਲੀ ਵਿੱਚ ਮਨੁੱਖ ਦੇ ਡੂੰਘੇ ਮਨੋਵਿਗਿਆਨਕ ਯਥਾਰਥ ਦੀ ਅਭਿਵਿਅਕਤੀ ਕਰਨਾ ਗੁਰਭਜਨ ਗਿੱਲ ਦੀ ਕਲਮ ਦਾ ਕਮਾਲ ਹੈ। ਸੂਖ਼ਮ ਸਿਰਜਣਾਤਮਕ ਕਲਪਨਾ ਵਾਲੀ ਕਵੀ ਲਈ ਸਥੂਲ ਪ੍ਰਕਿਰਤੀ ਵੀ ਮਨੁੱਖ ਦੇ ਸੂਖ਼ਮ ਜਜ਼ਬਾਤਾਂ ਦੀ ਤਰਜਮਾਨੀ ਹੈ। ਗੁਰਭਜਨ ਗਿੱਲ ਦੀ ਕਵਿਤਾ ਪ੍ਰਕਿਰਤੀ ਦੇ ਜੀਵੰਤ ਰੂਪ ਨੂੰ ਪਛਾਣਦੀ ਹੈ। ‘ਜਲ ਚੱਕਰ’ (Water  Cycle) ਦਾ ਦ੍ਰਿਸ਼ਟਾਂਤ ਸਿਰਜ ਕੇ ਸ਼ਾਇਰ ਨੇ ਅਜੋਕੇ ਮਨੁੱਖ ਨੂੰ ਪ੍ਰਕਿਰਤੀ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਭਾਵਪੂਰਤ ਸੁਨੇਹਾ ਦਿੱਤਾ ਹੈ:

ਤਰੇਲ ਦੇ ਮੋਤੀ ਲਿਸ਼ਕ ਰਹੇ ਨੇ ਟਾਹਣੀ ਟਾਹਣੀ ਬਣਕੇ ਜਲ ਕਣ।
ਸਾਗਰ ਤਪਿਆ ਅੰਬਰੀਂ ਪਹੁੰਚੇ ਸ਼ੀਤਲ ਹੋ ਕੇ ਬਿਰਖੀੰ ਲਮਕਣ।
ਇਹ ਅੱਥਰੂ ਨੇ ਪ੍ਰਕਿਰਤੀ ਦੇ ਨੇਤਰ
ਖੋਲ੍ਹੇ ਦਰਦ ਪਛਾਣੋ,
ਇੱਕ ਤੁਪਕੇ ਵਿੱਚ ਕੀ ਕੁਝ ਬੋਲੇ ਦਮ ਦਮ ਬੋਲੇ ਇਸ ‘ਚੋਂ ਕਣ ਕਣ।

ਰੁਬਾਈ ਸੰਗ੍ਰਹਿ ‘ਜਲ ਕਣ’ ਦੇ ਉਪਰੋਕਤ ਵਰਣਨ ਵਿਸ਼ਲੇਸ਼ਣ ਦੇ ਆਧਾਰ ਤੇ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਦੀ ਕਵਿਤਾ ਦਰਅਸਲ ਮਨੁੱਖਤਾ ਦੀ ਕਵਿਤਾ ਹੈ। ਇਹ ਅਸਲ ਪੰਜਾਬੀਅਤ ਦੀ ਕਵਿਤਾ ਹੈ ਇਹ ਅਸਲ ਪੰਜਾਬੀ ਸੰਵੇਦਨਾ ਦੀ ਕਵਿਤਾ ਹੈ। ਜਿਸ ਦੇ ਸਵਾਸ ਸਵਾਸ ਵਿੱਚ  ਗੁਰੂਆਂ, ਭਗਤਾਂ ਤੇ ਸੂਫ਼ੀਆਂ ਦਾ ਦਿੱਤਾ ਸਾਂਝੀਵਾਲਤਾ ਵਾਲਾ ਦਰਸ਼ਨ ਸੰਚਾਰਿਤ ਹੈ। ਜਿਸ ਵਿਚ ‘ਬਲਿਹਾਰੀ ਕੁਦਰਤ ਵਸਿਆ’ ਦਾ ਸਿਧਾਂਤ ਪ੍ਰਵਾਹਿਤ ਹੈ। ਇਸ ਕਵਿਤਾ ਦਾ ਬਾਹਰੀ ਰੂਪਾਕਾਰ ਪੰਜਾਬੀ ਲੋਕ- ਮੁਹਾਵਰੇ ਵਾਲਾ ਹੈ ਪਰ ਇਸ ਵਿਚ ਪ੍ਰਵਾਹਿਤ ਵਿਸ਼ਾਲ ਦਾਰਸ਼ਨਿਕ ਦ੍ਰਿਸ਼ਟੀ ਇਸ ਨੂੰ ਹਰ ਤਰ੍ਹਾਂ ਦੀਆਂ ਭੂਗੋਲਿਕ ਅਤੇ ਸੱਭਿਆਚਾਰਕ ਹੱਦਾਂ ਤੋਂ ਪਾਰ ਸਰਬ ਸਾਂਝੀ ਮਾਨਵੀ ਸੰਵੇਦਨਾ ਦੀ ਕਵਿਤਾ ਬਣਾ ਦਿੰਦੀ ਹੈ।

LEAVE A REPLY

Please enter your comment!
Please enter your name here