ਮਾਲੇਰਕੋਟਲਾ 11 ਅਕਤੂਬਰ : ( ਸਤੀਸ਼ ਕੋਹਲੀ, ਜੱਸੀ ਢਿੱਲੋਂ) –
ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰ ਫੂਡ ਸੇਫਟੀ ਪੰਜਾਬ ਸ੍ਰੀ ਅਭਿਨਵ ਤ੍ਰਿਖਾ ਜੀ ਅਤੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਫੂਡ ਸੇਫਟੀ ਅਫਸਰ ਦਿਵਿਆਜੋਤ ਕੌਰ ਵੱਲੋਂ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਹਲਵਾਈਆਂ, ਕਰਿਆਨੇ ਵਾਲੇ ਡੇਅਰੀਆਂ ਆਦਿ ਦੀ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਧੀਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੁਰੱਖਿਆ,ਗੁਣਵੱਤਾ, ਵਿਅਕਤੀਗਤ ਸਵੱਛਤਾ ਅਤੇ ਸਾਫ਼ ਸਫ਼ਾਈ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਟਰੇਨਿੰਗ ਅਤੇ ਸਰਟੀਫਿਕੇਸ਼ਨ (Fostac) ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।
ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ ਨੇ ਦੱਸਿਆ ਕਿ ਜ਼ਿਲ੍ਹਾਮਲੇਰਕੋਟਲਾ ਵਿਖੇ ਫੂਡ ਬਿਜ਼ਨੈੱਸ ਆਪਰੇਟਰ ਨੂੰ ਫੂਡ ਸੇਫਟੀ ਐਕਟ ਦੇ ਨਿਯਮਾਂ ਬਾਰੇ ਅਤੇ ਸਾਫ਼ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ ਅਤੇ ਵੇਚਣ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸ਼ਹਿਰਾਂ ,ਕਸਬਿਆਂ, ਮੁਹੱਲਿਆਂ ਆਦਿ ਵਿਚਲੀਆਂ ਦੁਕਾਨਾਂ ਤੇ ਹੋਰ ਥਾਵਾਂ ’ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਚੈਕਿੰਗ ਤੋਂ ਡਰਨ ਦੀ ਲੋੜ ਨਹੀਂ। ਜਾਂਚ ਦਾ ਮੰਤਵ ਕਿਸੇ ਦੁਕਾਨਦਾਰ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ ।ਉਨ੍ਹਾਂ ਨੇ ਦੱਸਿਆ ਕਿ ਇਹ ਟ੍ਰੇਨਿੰਗ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ(ਐਫ.ਐਸ.ਐਸ.ਏ.ਆਈ) ਦੀਆਂ ਸ਼ਰਤਾਂ ਅਨੁਸਾਰ ਉਨ੍ਹਾਂ ਦੁਆਰਾ ਮਾਨਤਾ ਪ੍ਰਾਪਤ ਏਜੰਸੀ ਐਸ਼ਿਓਰ ਕੁਆਲਿਟੀ ਮੈਨੇਜਮੈਂਟ ਸਰਟੀਫਿਕੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ,ਪੰਚਕੂਲਾ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਜੋ ਪਤਾ ਚਲ ਸਕੇ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਫੁਡ ਤਿਆਰ ਕਰਨ ਤੋਂ ਵੇਚਣ ਤੱਕ ਦੇ ਕੀ-ਕੀ ਮਾਪਢੰਡ ਹਨ । ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਉਨ੍ਹਾਂ ਨੇ ਸਾਰੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਮਿਠਾਈਆਂ ਤਿਆਰ ਕਰਨ/ਵੇਚਣ ਵੇਲੇ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ।
ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਸਾਰੇ ਹਲਵਾਈਆਂ ਨੂੰ ਹਦਾਇਤ ਕੀਤੀ ਕਿ ਹਲਵਾਈ ਮਿਠਾਈਆਂ ਬਣਾਉਣ ਲਈ ਉੱਚ ਮਿਆਰੀ ਖੋਏ ਅਤੇ ਪਨੀਰ ਆਪ ਦੁੱਧ ਤੋਂ ਤਿਆਰ ਕਰਨ ਅਤੇ ਸਪਲਾਈ ਦੁੱਧ ਦਾ ਪੂਰਾ ਰਿਕਾਰਡ ਵੀ ਰੱਖਣ । ਮਿਠਾਈ ਬਣਾਉਣ ਲੱਗਿਆਂ ਪ੍ਰਯੋਗ ਕੀਤਾ ਕੱਚਾ ਮਾਲ ਉੱਚ ਗੁਣਵੱਤਾ ਵਾਲਾ ਹੋਵੇ ਅਤੇ ਐਫਐਸਐਸਏਆਈ ਵੱਲੋਂ ਪ੍ਰਮਾਣਤ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ।ਮਿਠਾਈਆਂ ਦੀਆਂ ਟ੍ਰੇਆਂ ਉਤੇ ਬੈਸਟ ਬਿਫੋਰ ਦੇ ਸਟਿੱਕਰ ਲਗਾਏ ਜਾਣ ਅਤੇ ਐਫਐਸਐਸਏਆਈ ਵੱਲੋਂ ਨਿਰਧਾਰਤ ਫੂਡ ਲਾਇਸੈਸ ਲੈਣਾ ਵੀ ਯਕੀਨੀ ਬਣਾਇਆ ਜਾਵੇ । ਮਿਠਾਈਆਂ ਬਣਾਉਣ ਸਮੇਂ ਉੱਚ ਗੁਣਵੱਤਾ ਦੇ ਤੇਲ ਦੀ ਵਰਤੋਂ ਕੀਤੀ ਜਾਵੇ ਅਤੇ ਗਰਮ ਤੇਲ ਨੂੰ ਤਿੰਨ ਵਾਰ ਤੋਂ ਵੱਧ ਇਸਤੇਮਾਲ ਨਾ ਕੀਤਾ ਜਾਵੇ।ਵਰਕਰਾਂ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਟੋਪੀ ਦਸਤਾਨੇ, ਅਪਰੈਨ ਮਾਸਕ ਆਦਿ ਮੁਹੱਈਆ ਕਰਵਾਇਆ ਜਾਵੇ।
ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਸਾਰੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਟਰੇਨਿੰਗ ਅਤੇ ਸਰਟੀਫਿਕੇਸ਼ਨ (Fostac) ਟ੍ਰੇਨਿੰਗ ਵਿੱਚ ਦੱਸੇ ਮਾਪਦੰਡਾਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਜੋ ਵੀ ਦੁਕਾਨਦਾਰ ਫੂਡ ਸੇਫਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।