ਜਗਰਾਉਂ, 21 ਅਕਤੂਬਰ ( ਅਸ਼ਵਨੀ, ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਲੇਅ-ਵੇਅ ਤੋਂ ਤੀਸਰੀ ਜਮਾਤ ਦੇ ਬੱਚਿਆਂ ਲਈ ਫਨ ਮੇਲਾ ਸਕੂਲ ਵਿਚ ਹੀ ਲਗਾਇਆ ਗਿਆ। ਬੱਚਿਆਂ ਵਿਚ ਇਸ ਮੇਲੇ ਲਈ ਉਤਸੁਕਤਾ ਕਾਫ਼ੀ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਸੀ। ਇਸ ਦੌਰਾਨ ਉਹਨਾਂ ਨੂੰ ਪੜ੍ਹਾਈ ਤੋਂ ਹਟ ਕੇ ਕੁਝ ਮਨੋਰੰਜਨ ਕਰਨ ਦਾ ਮੌਕਾ ਮਿਲਿਆ। ਇਸ ਮੇਲੇ ਵਿਚ ਵੱਖ-ਵੱਖ ਕਿਸਮ ਦੇ ਝੂਲੇ, ਟ੍ਰੇਨ ਦੀ ਸਵਾਰੀ, ਕੁੱਦਣ ਵਾਲੀਆਂ ਖੇਡਾਂ ਅਤੇ ਪਾਣੀ ਵਾਲੀਆਂ ਖੇਡਾਂ ਵੀ ਸ਼ਾਮਿਲ ਸਨ। ਬੱਚਿਆਂ ਨੇ ਸੰਗੀਤ ਦੀਆਂ ਧੁਨਾਂ ਦਾ ਵੀ ਆਨੰਦ ਮਾਣਿਆ ਅਤੇ ਅਲੱਗ-ਅਲੱਗ ਖੇਡਾਂ ਖੇਡੀਆਂ। ਇਸ ਤੋਂ ਇਲਾਵਾ ਜਾਦੂਗਰ ਨੇ ਆਪਣਾ ਜਾਦੂ ਦਿਖਾ ਕੇ ਸਭ ਬੱਚਿਆਂ ਅਤੇ ਅਧਿਆਪਕਾਂ ਨੂੰ ਹੈਰਾਨ ਕੀਤਾ। ਬੱਚਿਆਂ ਦੀ ਖੁਸ਼ੀ ਉਹਨਾਂ ਦੇ ਮਾਸੂਮ ਚਿਹਰਿਆਂ ਤੋਂ ਹੀ ਝਲਕਦੀ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਹਰ ਵੱਖ ਦੇ ਵਿਕਾਸ ਲਈ ਹਮੇਸ਼ਾ ਯਤਨ ਕਰਦੇ ਰਹਿੰਦੇ ਹਾਂ। ਇਹ ਵੀ ਸਾਡੀ ਇੱਕ ਅਜਿਹੀ ਕੋਸ਼ਿਸ਼ ਸੀ ਜਿਸ ਸਦਕਾ ਅਸੀਂ ਬੱਚਿਆਂ ਦੇ ਮਨੋਰੰਜਨ ਦਾ ਪ੍ਰਬੰਧ ਸਕੂਲ ਵਿਚ ਹੀ ਕਰ ਦਿੱਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿਮਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨੂੰ ਇਸ ਮੇਲੇ ਦਾ ਆਨੰਦ ਮਾਣਦੇ ਦੇਖ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਸਾਧਨਾਂ ਦਾ ਪ੍ਰਬੰਧ ਕਰਨਾ ਵੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ।