ਫ਼ਤਹਿਗੜ੍ਹ ਸਾਹਿਬ, 6 ਨਵੰਬਰ:( ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਅਧੀਨ ਪਿੰਡ ਖੰਟ ਮਾਨਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ਼੍ਰੀ ਅਰੁਣ ਗੁਪਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕੀਤਾ। ਗੁਪਤਾ ਨੇ ਦੱਸਿਆ ਕਿ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਟੀਮਾਂ ਰੋਜ਼ਾਨਾਂ ਬਣੇ ਸ਼ਡਿਊਲ ਮੁਤਾਬਕ ਲੋਕਾਂ ਨੂੰ ਕਾਨੂੰਨੀ ਸਕੀਮਾਂ ਅਤੇ ਸੇਵਾਵਾਂ ਬਾਰੇ ਜਾਗਰੂਕ ਕਰਨਗੀਆਂ। ਇਹ ਟੀਮਾਂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਅਤੇ ਕੇਂਦਰ ਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਅਤੇ ਕੈਂਪ ਵਿੱਚ ਮੌਜੂਦ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀਆਂ ਤੋਂ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਲਾਹ, ਕੋਈ ਵੀ ਕੇਸ ਕਰਨ ਲਈ ਵਕੀਲ ਦੀਆਂ ਮੁਫਤ ਸੇਵਾਵਾਂ, ਕੋਰਟ ਵਿੱਚ ਲੰਬਿਤ ਕੇਸ ਨੂੰ ਸਲਝਾਉਣ ਲਈ ਸਮਝੋਤਾ ਸਦਨ ਦੀਆਂ ਸੇਵਾਵਾਂ, ਜਨ ਉਪਯੋਗੀ ਸੇਵਾਵਾਂ ਦੇ ਝਗੜਿਆਂ ਸਬੰਧੀ ਸਥਾਈ ਲੋਕ ਅਦਾਲਤ, ਪੰਜਾਬ ਪੀੜਤ ਮੁਆਵਜ਼ਾ ਸਕੀਮ, 2017 ਅਤੇ ਨਾਲਸਾ ਦੀ ਪੀੜਤ ਔਰਤ ਮੁਆਵਜ਼ਾ ਸਕੀਮ/ਸਰੀਰਕ ਸੋਸ਼ਣ ਦਾ ਸ਼ਿਕਾਰ ਅਤੇ ਹੋਰ ਜ਼ੁਰਮ ਸਕੀਮ, 2018 ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰਾਂ ਉਹ ਲੋੜ ਪੈਣ ਤੇ ਇਹਨਾਂ ਸਕੀਮਾਂ ਅਤੇ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।ਇਸ ਮੌਕੇ ਸਬ-ਡਵੀਜ਼ਨਲ ਮੈਜਿਸਟਰੇਟ ਖਮਾਣੋਂ ਹਰੀਸ਼ ਕੁਮਾਰ, ਬਾਰ ਐਸੋਸੀਏਸ਼ਨ ਖਮਾਣੋਂ ਦੇ ਮੈਂਬਰ, ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਕੈਂਪ ਦੌਰਾਨ ਕਾਨੂੰਨੀ ਸਕੀਮਾਂ ਦੇ ਪੰਫਲੇਟ ਵੀ ਵੰਡੇ ਗਏ।