Home ਸਭਿਆਚਾਰ ਸਾਹਿਤ ਸਭਾ ਜਗਰਾਉ ਵੱਲੋਂ ਪੰਜਾਬ ਦਿਵਸ ਮੌਕੇ ਮਾਂ ਬੋਲੀ ਦੇ ਪ੍ਰਚਾਰ ਤੇ...

ਸਾਹਿਤ ਸਭਾ ਜਗਰਾਉ ਵੱਲੋਂ ਪੰਜਾਬ ਦਿਵਸ ਮੌਕੇ ਮਾਂ ਬੋਲੀ ਦੇ ਪ੍ਰਚਾਰ ਤੇ ਪਾਸਾਰ ਦਾ ਸੱਦਾ

61
0

ਜਗਰਾਉਂ, 7 ਨਵੰਬਰ ( ਰਾਜਨ ਜੈਨ, ਰੋਹਿਤ ਗੋਇਲ )  ਸਾਹਿਤ ਸਭਾ ਜਗਰਾਉਂ ਵਲੋਂ ਮਾਂ ਬੋਲੀ ਆਧਾਰਤ ਬਣੇ ਪੰਜਾਬੀ ਸੂਬੇ ਦੇ ਦਿਨ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਗਿਆ।ਸਾਹਿਤ ਸਭਾ ਵਲੋਂ  ਬੋਲੀ ਪੰਜਾਬੀ ਦੇ ਸੁਨਹਿਰੇ ਭਵਿੱਖ ਦੀ ਕਾਮਨਾਂ ਕਰਦਿਆਂ  ਮਾਂ ਬੋਲੀ ਦੇ ਪ੍ਰਚਾਰ ਪਾਸਾਰ ਲਈ ਇਕਮੱਤ ਹੋ ਕੇ ਡਟਣ ਦਾ ਪ੍ਰਣ ਕੀਤਾ ਤੇ ਮਾਂ‌ ਬੋਲੀ ਨੂੰ ਗੰਭੀਰ ਚਣੌਤੀਆਂ ਦਾ ਟਾਕਰਾ ਕਰਨ ਦਾ ਅਹਿਦ ਵੀ ਲਿਆ।ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਉੱਘੇ ਸਾਹਿਤਕਾਰ ਭੁਪਿੰਦਰ ਸਿੰਘ ਚੌਕੀਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼ੁਰੂਆਤੀ ਦੌਰ ਵਿੱਚ  ਅਵਤਾਰ ਸਿੰਘ ਜਗਰਾਉਂ ਨੇ ਪੰਜਾਬੀ ਸੂਬੇ ਦੇ ਇਤਿਹਾਸਕ ਪਿਛੋਕੜ’ਤੇ ਝਾਤ ਪਾਈ। ਉਨ੍ਹਾਂ ਦੱਸਿਆ ਕਿ ਪੰਜਾਬੀ ਬੋਲੀ ਗੁਰੂਆਂ ਦੁਆਰਾ ਦਿੱਤੀ ਅਮੀਰ ਵਿਰਾਸਤ ਹੈ, ਇਸ ਵਿਰਾਸਤ ਨੇ ਪੰਜਾਬੀ ਬੋਲੀ ਦੀਆਂ ਜੜ੍ਹਾਂ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ ।ਇਸ ਮੌਕੇ

ਹਰਬੰਸ ਸਿੰਘ ਅਖਾੜਾ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀ ਮਾਣਮੱਤੀ  ਗਾਥਾ ਦੱਸਦਿਆਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਸੱਠਵੇਂ ਦਹਾਕੇ  ਵਿੱਚ ਪੰਜਾਬੀ ਸੂਬੇ ਦੇ ਸੰਘਰਸ਼ ਦਾ ਹਿੱਸਾ ਰਹੇ ਹਨ। ਸ: ਅਖਾੜਾ ਨੇ ਕਿਹਾ ਕਿ ਇਸ ਵੇਲੇ ਉਹ  19 ਸਾਲਾਂ ਦੇ ਜਵਾਨ ਗੱਭਰੂ ਸਨ ਤੇ ਉਨ੍ਹਾਂ ਨੂੰ ਜੇਲ੍ਹ ਗ੍ਰਿਫਤਾਰੀ ਦੇਣ ਵਾਸਤੇ 4 ਦਿਨ ਉਡੀਕ ਕਰਨੀ ਪਈ ਸੀ। ਉਨ੍ਹਾਂ ਕਿਹਾ  ਪੰਜਾਬ ਤੇ ਪੰਜਾਬੀ ਦੀ ਹੋਂਦ ਲਈ ਕੀਤੇ ਸੰਘਰਸ਼ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਇਸ ਮੌਕੇ ਕੁਲਦੀਪ ਸਿੰਘ ਲੋਹਟ ਨੇ ਅਖ਼ਬਾਰਾਂ ਮੈਗਜੀਨਾਂ ਵਿੱਚ ਪ੍ਰਕਾਸ਼ਿਤ ਰਚਨਾਵਾਂ ਵਿੱਚੋਂ ਠੇਠ ਪੰਜਾਬੀ ਸ਼ਬਦਾਵਲੀ ਦੇ ਗੁਆਚ ਜਾਣ ਤੇ ਹਿੰਦੀ ਦੇ ਸ਼ਬਦਾਂ ਦੀ ਵੱਧ ਰਹੀ ਘੁਸਪੈਠ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਾਨੂੰ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।ਇਸ ਮੌਕੇ ਮੇਜਰ ਸਿੰਘ ਛੀਨਾ  ਨੇ ਕਿਹਾ ਕਿ  ਪੰਜਾਬੀ ਸੂਬੇ ਦੀ ਬਹਾਲੀ ਲਈ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਾਸਾਰ ਦੀ ਸਖ਼ਤ ਲੋੜ ਹੈ। ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰਭਜੋਤ ਸਿੰਘ ਸੋਹੀ ਨੇ ਪੰਜਾਬ ਦਿਵਸ ਦੀ ਮਹੱਤਤਾ ਦੱਸੀ।ਸੋਹੀ ਨੇ ਮਨੁੱਖੀ ਮਨ ਦੀ ਭਾਵਪੂਰਨ ਅਵਸਥਾ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕਰਦੀ ਨਜ਼ਮ ” ਅੱਜ ਮੈਂ ਪ੍ਰਭਜੋਤ ਸੋਹੀ ਨੂੰ ਮਿਲਿਆ ” ਪੇਸ਼ ਕਰਕੇ  ਮਨ ਮੋਹ ਲਿਆ। ਪ੍ਰਸਿੱਧ ਗ਼ਜ਼ਲਗੋ ਰਾਜਦੀਪ ਸਿੰਘ ਤੂਰ ਨੇ ਖੂਬਸੂਰਤ ਗ਼ਜ਼ਲ ਨਾਲ ਰੰਗ ਬੰਨ੍ਹਿਆ। ਹਰਚੰਦ ਸਿੰਘ ਗਿੱਲ ਤੇ  ਲੈਕਚਰਾਰ ਅਮਰਜੀਤ ਕੌਰ ਨੇ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਨੂੰ ਕਾਵਿਕ ਰੂਪ ਪੇਸ਼ ਕਰਕੇ ਮਾਂ ਬੋਲੀ ਦੇ ਸਪੂਤ ਹੋਣ ਦਾ ਅਹਿਸਾਸ ਕਰਵਾਇਆ। ਇਸ ਦੌਰਾਨ  ਗੁਰਜੀਤ ਸਹੋਤਾ ਤੇ   ਗੁਰਦੀਪ ਸਿੰਘ ਹਠੂਰ ਨੇ ਨਿੱਜ਼ੀ ਜੀਵਨ ਦੇ ਅਨੁਭਵ ਸਾਂਝੇ  ਕਰਦਿਆਂ ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਦੀਆਂ ਬੇਹਤਰੀਨ ਭਾਸ਼ਾਵਾਂ ‘ਚੋਂ ਇਕ ਦੱਸਿਆ। ਦਲਜੀਤ ਕੌਰ ਹਠੂਰ ਨੇ ਲੋਕ ਗੀਤਾਂ ਦੀ ਪਟਾਰੀ ਵਿੱਚੋਂ ਲੰਮੀਂ ਹੇਕ ਦਾ ਲੋਕ ਗੀਤ ਪੇਸ਼ ਕਰਕੇ ਮਾਂ ਬੋਲੀ ਨੂੰ ਸੱਜਦਾ ਕੀਤਾ। ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰੋਫੈਸਰ ਕਰਮ ਸਿੰਘ ਸੰਧੂ ਵਲੋਂ ਮਾਂ ਬੋਲੀ ਦੇ ਹਿੱਤ ਵਿੱਚ ਅਸਟ੍ਰੇਲੀਆ ਤੋਂ ਭੇਜਿਆ ਸੰਦੇਸ਼ ਪੜ ਕੇ ਸੁਣਾਇਆ।ਮੰਚ ਸੰਚਾਲਕ ਦਲਜੀਤ ਕੌਰ ਹਠੂਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਸਭ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here