ਮੋਗਾ, 8 ਨਵੰਬਰ: ( ਕੁਲਵਿੰਦਰ ਸਿੰਘ) -ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਅੱਜ ਭਾਵ 9 ਨਵੰਬਰ, 2022 ਨੂੰ ਇੱਕ ਮੈਗਾ ਕਾਨੂੰਨੀ ਸਹਾਇਤਾ ਕੈਂਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਕੈਂਪ ਜਰੀਏ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਆਪਣੇ ਕਾਊਂਟਰ ਲਗਾ ਕੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਇਨਾਂ ਸਹੂਲਤਾਂ ਨੂੰ ਲੈਣ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਉੱਪਰ ਹੀ ਹੱਲ ਕੀਤਾ ਜਾਵੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਮੋਗਾ ਸ੍ਰੀ ਅਮਰੀਸ਼ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਜਰੀਏ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਅਤੇ ਹੋਰ ਕਾਨੂੰਨੀ ਸਹਾਇਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਕਾਨੂੰਨੀ ਸੇਵਾਵਾਂ ਅਥਾਰਟੀ ਜਰੀਏ ਲੋਕ ਕਿਵੇਂ ਛੇਤੀ, ਸਸਤਾ ਨਿਆਂ ਪ੍ਰਾਪਤ ਕਰ ਸਕਦੇ ਹਨ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ।
ਉਨਾਂ ਦੱਸਿਆ ਕਿ ਇਸਤੋਂ ਇਲਾਵਾ ਇਸ ਮੈਗਾ ਕਾਨੂੰਨੀ ਸਹਾਇਤਾ ਕੈਂਪ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਲੇਬਰ ਵਿਭਾਗ, ਖੁਰਾਕ ਅਤੇ ਸਪਲਾਈ ਵਿਭਾਗ, ਮੱਛੀ ਪਾਲਣ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਇਲਾਵਾ ਹੋਰ ਵੀ ਵਿਭਾਗਾਂ ਵੱਲੋਂ ਆਪਣੇ ਕਾਊਂਟਰ ਸਥਾਪਿਤ ਕੀਤੇ ਜਾਣਗੇ। ਇਸ ਕੈਂਪ ਵਿੱਚ ਆਯੁਸ਼ਮਾਨ ਕਾਰਡ, ਬੁਢਾਪਾ ਪੈਂਨਸ਼ਨ, ਵਿਧਵਾ ਪੈਨਸ਼ਨ, ਯੂ.ਡੀ.ਆਈ.ਡੀ. ਕਾਰਡ (ਅਪੰਗਤਾ ਕਾਰਡ), ਲੇਬਰ ਕਾਰਡ, ਸਮਾਰਟ ਰਾਸ਼ਨ ਕਾਰਡ, ਆਧਾਰ ਕਾਰਡ ਆਦਿ ਬਣਾਏ ਜਾਣਗੇ ਅਤੇ ਇਸਨੂੰ ਬਣਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਕੈਂਪ ਵਿੱਚ ਮਨਜੂਰ ਹੋਈਆਂ ਪੈਨਸ਼ਨਾਂ ਨੂੰ ਡੀਲਿਵਰ ਕਰਨ, ਐਸ.ਸੀ./ਬੀ.ਸੀ. ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਮਗਨਰੇਗਾ ਕਾਰਡ, ਨਕਸ਼ੇ ਅਤੇ ਰਜਿਸਟਰੀਆਂ ਲਈ ਪਾਸ ਹੋਏ ਐਨ.ਓ.ਸੀ., ਘੁਮਿਆਰ ਸ਼ਕਤੀ ਅਧੀਨ ਲਾਭਪਾਤਰੀ ਕਾਰਡ ਦੀ ਮੌਕੇ ਉੱਪਰ ਹੀ ਲਾਭਪਾਤਰੀਆਂ ਨੂੰ ਵੰਡ ਕੀਤੀ ਜਾਵੇਗੀ।
ਮੁਫ਼ਤ ਮੈਡੀਕਲ ਚੈੱਕਅੱਪ ਕੈਂਪ, ਬੱਚਿਆਂ ਦੀਆਂ ਭਲਾਈ ਸਕੀਮਾਂ, ਕਿਸਾਨਾਂ ਦੀਆਂ ਭਲਾਈ ਸਕੀਮਾਂ, ਲੋਨ ਲੈਣ ਸਬੰਧੀ ਮੁਕੰਮਲ ਜਾਣਕਾਰੀ, ਐਸ.ਸੀ. ਸ੍ਰੇਣੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸ਼ਗਨ ਸਕੀਮ ਬਾਰੇ ਲਾਭਪਾਤਰੀਆਂ ਨੂੰ ਮੁਕੰਮਲ ਜਾਗਰੂਕ ਕੀਤਾ ਜਾਵੇਗਾ ਭਾਵ ਇਨਾਂ ਸਕੀਮਾਂ ਦਾ ਲਾਹਾ ਲੈਣ ਲਈ ਸਹਾਈ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ। ਆਯੁਰਵੈਦਿਕ ਵਿਭਾਗ ਵੱਲੋਂ ਇਸ ਮੌਕੇ ਜਾਂਚ ਅਤੇ ਜਾਗਰੂਕਤਾ ਕੈਂਪ ਵੀ ਇਸ ਮੌਕੇ ਲਗਾਇਆ ਜਾਵੇਗਾ। ਸੀ.ਜੇ.ਐੱਮ. ਕਮ ਸਕੱਤਰ ਅਮਰੀਸ਼ ਕੁਮਾਰ ਨੇ ਵੱਧ ਤੋਂ ਵੱਧ ਆਮ ਲੋਕਾਂ ਨੂੰ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਲਾਹਾ ਲੈਣ ਦੀ ਅਪੀਲ ਕੀਤੀ।