Home ਸਭਿਆਚਾਰ ਬੱਚਿਆਂ ਅੰਦਰਲੇ ਕਲਾਤਮਕ ਗੁਣਾਂ ਨੂੰ ਵਿਕਸਤ ਕਰਨ ਲਈ ਬਾਲ ਸਭਾਵਾਂ ਨੂੰ ਮੁੜ...

ਬੱਚਿਆਂ ਅੰਦਰਲੇ ਕਲਾਤਮਕ ਗੁਣਾਂ ਨੂੰ ਵਿਕਸਤ ਕਰਨ ਲਈ ਬਾਲ ਸਭਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ- ਗੁਰਭਜਨ ਗਿੱਲ

55
0

ਲੁਧਿਆਣਾ  14 ਨਵੰਬਰ ( ਵਿਕਾਸ ਮਠਾੜੂ,ਮਿਅੰਕ ਜੈਨ) -ਬੱਚਿਆਂ ਅੰਦਰਲੀ ਕਲਾਤਮਿਕ ਪ੍ਰਤਿਭਾ ਨੂੰ  ਵਿਕਸਤ ਕਰਨ ਲਈ ਸਕੂਲਾਂ ਵਿੱਚ ਬਾਲ ਸਭਾਵਾਂ ਨੂੰ ਮੁੜ ਸੁਰਜੀਤ ਕਰਨ ਦੀ ਤੁਰੰਤ ਲੋੜ ਹੈ ਕਿਉਂਕਿ ਪ੍ਰਤਿਭਾ ਖੋਜ ਦਾ ਉਸ ਤੋਂ ਵੱਡਾ ਕੋਈ ਪਲੈਟਫਾਰਮ ਨਹੀਂ ਹੈ।

ਬਾਲ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਸਰਕਾਰੀ ਹਾਈ ਸਕੂਲ ਦਾਦ(ਲੁਧਿਆਣਾ) ਵੱਲੋਂ  ਪ੍ਰਕਾਸ਼ਿਤ ਬਾਲ ਮੈਗਜ਼ੀਨ ਪੁੰਗਰਦੀਆਂ ਕਲਮਾਂ ਦੇ ਤੀਸਰੇ ਸਾਲਾਨਾ ਅੰਕ ਨੂੰ ਸੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ  ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ  ਨੂੰ ਬਾਲ ਦਿਵਸ ਵਜੋਂ ਮਨਾਉਣਾ ਸਿਰਫ਼ ਰਸਮ ਨਾ ਰਹੇ ਸਗੋਂ ਬਾਲ ਮਨਾਂ ਵਿੱਚ ਨਵੇਂ ਸੁਪਨੇ ਬੀਜਣ ਦਾ ਦਿਵਸ ਬਣਨਾ ਚਾਹੀਦਾ ਹੈ। ਸਾਡਾ ਸਿਖਿਆ ਤੰਤਰ ਭਾਵੇਂ ਅੱਜ ਆਪਣੀਆਂ ਪ੍ਰਾਪਤੀਆਂ ਦੇ ਸੋਹਿਲੇ ਗਾ ਰਿਹਾ ਹੈ ਪਰ ਹਕੀਕਤ ਵਿੱਚ ਬਹੁਤ ਕੁਝ ਮਸ਼ੀਨੀ ਵਿਹਾਰ ਚ ਤਬਦੀਲ ਹੋ ਚੁਕਾ ਹੈ ਜਿਸ ਦੀ ਮੁੜ ਪੜਚੋਲ  ਤੇ ਸੁਧਾਈ ਕਰਨੀ ਪੈਣੀ ਹੈ ਤਾਂ ਜੋ ਸਿੱਖਿਆ ਦੇ ਅਸਲ ਟੀਚਿਆਂ ਨੂੰ ਹਾਸਲ ਕੀਤਾ ਜਾ ਸਕੇ।

ਸਮਾਗਮ ਦੀ ਪ੍ਰਧਾਨਗੀ ਪਿੰਡ ਦੇ ਸਰਪੰਚ  ਸਃ ਗੁਰਦੀਸ਼ਪਾਲ ਸਿੰਘ ਗਰੇਵਾਲ ਨੇ ਕੀਤੀ। ਉਨ੍ਹਾਂ ਸਕੂਲ ਦੇ  ਸਿਰਕੱਢ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ। ਸਃ ਗਰੇਵਾਲ ਨੇ ਕਿਹਾ ਕਿ ਦਾਦ ਪਿੰਡ ਦੇ ਸਰਬਪੱਖੀ ਵਿਕਾਸ ਨੂੰ  ਸੰਪੂਰਨ ਕਰਨ ਲਈ ਸਕੂਲ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਰਕ ਵੀ ਢਾਈ ਏਕੜ ਰਕਬੇ ਵਿੱਚ ਪੰਚਾਇਤ ਵੱਲੋਂ ਵਿਕਸਤ ਕੀਤਾ ਗਿਆ ਹੈ ਜਿਸ ਦਾ ਉਦਘਾਟਨ  ਨੇੜ ਭਵਿੱਖ ਵਿੱਚ ਕੀਤਾ ਜਾਵੇਗਾ। ਸਕੂਲ ਦੇ ਵਿਕਾਸ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਬੇਆਵਾਜ਼ ਜਨਰੇਟਰ ਸੈੱਟ ਵੀ ਭੇਂਟ ਕੀਤਾ ਜਾਵੇਗਾ।

ਸਕੂਲ ਦੀ ਹੈੱਡ ਮਿਸਟਰੈੱਸ ਸ਼੍ਰੀਮਤੀ ਰਾਜਿੰਦਰ ਕੌਰ ਨੇ ਸੁਆਗਤੀ ਸ਼ਬਦ ਬੋਲਦਿਆਂ ਸਕੂਲ ਦੇ ਵਿਦਿਆਰਥੀਂ ਦੀਆਂ ਵਿਦਿਅਕ , ਖੇਡਾਂ ਤੇ ਸਭਿਆਚਾਰਕ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕੀਤਾ। ਸਕੂਲ ਦੇ ਬੱਚਿਆਂ ਨੇ ਇਸ ਮੌਕੇ ਗਿੱਧਾ, ਭੰਗੜਾ, ਲੰਮੀ ਹੇਕ ਦੇ ਗੀਤ ਤੇ ਹੋਰ ਵੰਨ ਸੁਵੰਨੀਆਂ ਪੇਸ਼ਕਾਰੀਆਂ ਕੀਤੀਆਂ।

LEAVE A REPLY

Please enter your comment!
Please enter your name here