ਸਮੇਂ-ਸਮੇਂ ’ਤੇ ਸਿਆਸੀ ਪਾਰਟੀਆਂ ਦਾ ਜਨਮ ਹੁੰਦਾ ਹੈ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਤਦੋਂ ਅਲੋਪ ਹੋ ਜਾਂਦੀਆਂ ਹਨ ਉਨ੍ਹਾਂ ਦਾ ਪਤਾ ਵੀ ਨਹੀਂ ਚੱਲਦਾ। ਦਿੱਲੀ ’ਚ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਹੋਂਦ ’ਚੋਂ ਆਮ ਆਦਮੀ ਪਾਰਟੀ ਨੂੰ ਹੁਣ ਦੇਸ਼ ਵਿੱਚ ਇੱਕ ਸਫਲ ਪਾਰਟੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਵਿੱਚ ਸਫਲਤਾਪੂਰਵਕ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਹੁਣ ਕਾਂਗਰਸ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਪੰਜਾਬ ਸਥਾਪਤ ਹੋਈ। ਭਾਵੇਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਕੰਮ ਨੂੰ ਪੰਜਾਬ ਵਿਚ ਪਸੰਦ ਨਹੀਂ ਕਰ ਰਹੀਅਆੰ , ਪਰ ਆਮ ਆਦਮੀ ਪਾਰਟੀ ਦੇ ਕੰਮ ਦੀ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ। ਹਾਲ ਹੀ ਵਿਚ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ ਜਿੰਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ ਹਨ ਅਤੇ ਕੁਝ ਦਿਨਾਂ ਬਾਅਦ ਗੁਜਰਾਤ ਵਿੱਚ ਵਿਧਾਨ ਸਭਾ ਚੋਣ੍ਵਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਰਾਜਾਂ ਵਿਚ ਹੀ ਆਮ ਆਦਮੀ ਪਾਰਟੀ ਵਲੋਂ ਆਪਣੇ ਸਾਰੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਭਾਵੇਂ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਹੋਂਦ ਨੂੰ ਦਰਜ ਨਹੀਂ ਕਰਵਾ ਸਕੇਗੀ ਪਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਚੰਗੀ ਸਥਿਤੀ ਵਿੱਚ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਤਾਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਸਕਦੀ ਹੈ। ਜੇਕਰ ਇਹ ਸੱਤਾ ਤੋਂ ਦੂਰ ਰਹੇਗੀ ਤਾਂ ਇਸ ਵਿੱਚ ਫਰਕ ਕੁਝ ਹੀ ਸੀਟਾਂ ਦਾ ਰਹੇਗਾ ਅਤੇ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇੱਕ ਵੱਡੀ ਵਿਰੋਧੀ ਪਾਰਟੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏਗੀ। ਇਨ੍ਹਾਂ ਚੋਣਾਂ ਅਤੇ ਨਤੀਜਿਆਂ ਉੱਪਰ ਸਮੁੱਚੇ ਦੇਸ਼ ਦੀ ਨਜ਼ਰ ਬਣੀ ਹੋਈ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਭਵਿੱਖ ਦਾ ਰੋਡ ਮੈਪ ਤੈਅ ਕਰਨਗੇ ਕਿ ਉਹ ਦੇਸ਼ ਵਿਚ ਕਿੰਨੇ ਪੈਰ ਪਸਾਰਨ ਵਿਚ ਸਫਲ ਹੋ ਸਕੇਗੀ। ਜੇਕਰ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੇ ਵਧੇਰੇਤਰ ਸੂਬਿਆਂ ਵਿਚ ਆਪਣਾ ਫੈਲਾਅ ਕਰ ਸਕੇਗੀ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਰਾਜਾਂ ਅਤੇ ਕੇਂਦਰੀ ਰਾਜਨੀਤੀ ਵਿੱਚ ਵੀ ਆਮ ਆਦਮੀ ਪਾਰਟੀ ਆਪਣੀ ਹੋਂਦ ਨੂੰ ਦਿਖਾ ਸਕੇਗੀ। ਗੁਜਰਾਤ ਦੇ ਚੋਣ ਨਤੀਜੇ ਇਸ ਲਈ ਵੀ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਲਾਕਾ ਹੈ। ਜਿੱਥੇ ਉਹ ਲੰਬਾ ਸਮਾਂ ਮੁੱਖ ਮੰਤਰੀ ਰਹੇ ਅਤੇ ਇੱਥੋਂ ਹੀ ਨਰਿੰਦਰ ਮੋਦੀ ਕੇਂਦਰੀ ਰਾਜਨੀਤੀ ਵਿੱਚ ਸਰਗਰਮ ਹੋ ਕੇ ਪ੍ਰਧਾਨ ਮੰਤਰੀ ਬਣੇ। ਉੱਥੇ ਇਸ ਸਮੇਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਉੱਥੇ ਭਾਜਪਾ ਦੇ ਕਿਲੇ ਨੂੰ ਢਹਿ ਢੇਰੀ ਕਰਨ ਵਿਚ ਸਫਲ ਹੋ ਜਾਂਦੀ ਹੈ ਤਾਂ ਦੇਸ਼ ਦੀ ਕੇਂਦਰੀ ਰਾਜਨੀਤੀ ਵਿਚ ਵੀ ਇਸ ਪਾਰਟੀ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕੇਗਾ। ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਇਕ ਸਰਵਪ੍ਰਵਾਨਿਤ ਨੇਤਾ ਮਿਲ ਜਾਵੇਗਾ। ਜੋ ਇਸ ਬਨਣ ਤੋਂ ਪਹਿਲਾਂ ਹੀ ਬਿਖਰਣ ਵਾਲੇ ਕੁਨਬੇ ਨੂੰ ਸੰਭਾਲਣ ਵਿਚ ਸਫਲ ਹੋ ਸਕੇਗਾ। ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਦੀਆਂ ਖੇਤਰੀ ਪਾਰਟੀਆਂ ਦੇ ਭਾਜਪਾ ਵਿਰੋਧੀ ਸਮੂਹ ਨੂੰ ਹਰ ਵਾਰ ਇਕ ਸੂਤਰ ਵਿਚ ਬੰਨਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਸਫਲਤਾ ਉਸਨੂੰ ਹਾਸਿਲ ਨਹੀਂ ਹੁੰਦੀ ਅਤੇ ਸਾਰਾ ਕੁਨਬਾ ਚੋਣਾਂ ਤੋਂ ਪਹਿਲਾਂ ਹੀ ਬਿਖਰ ਜਾਂਦਾ ਹੈ। ਇਸ ਸਮੇਂ ਕਾਂਗਰਸ ਵਿੱਚ ਕੋਈ ਅਜਿਹਾ ਵੱਡਾ ਚਿਹਰਾ ਨਹੀਂ ਹੈ, ਜਿਸ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾ ਸਕੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਿਆ ਜਾ ਸਕੇ। ਇਸ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼ ਲਈ ਬਹੁਤ ਅਹਿਮ ਹੋਣਗੇ। ਜਿਸ ਨਾਲ ਆਉਣ ਵਾਲੇ ਸਿਆਸੀ ਸਫਰ ਦੀ ਤਸਵੀਰ ਸਾਫ ਹੋ ਸਕੇਗੀ।
ਹਰਵਿੰਦਰ ਸਿੰਘ ਸੱਗੂ।