ਮੋਗਾ, 2 ਦਸੰਬਰ: ( ਕੁਲਵਿੰਦਰ ਸਿੰਘ) -ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸਬੰਰ 2022 ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰ ਰਹੇ ਸਾਬਕਾ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸੇਵਾ ਕਰ ਰਹੇ ਸੈਨਿਕਾਂ ਵੱਲੋਂ ਵਿਸ਼ਵ ਯੁੱਧ 1947, 1962, 1965, 1971 ਦੀਆਂ ਲੜਾਈਆਂ, 1999 ਦੌਰਾਨ ਕਾਰਗਿਲ ਦੀ ਲੜਾਈ ਅਤੇ ਅੱਤਵਾਦ ਦੇ ਖਿਲਾਫ਼ ਚੱਲ ਰਹੇ ਓਪਰੇਸ਼ਨਾਂ ਵਿੱਚ ਕਾਫ਼ੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਗਈਆਂ, ਜਿੰਨ੍ਹਾਂ ਵਿੱਚੋਂ ਪੰਜਾਬੀ ਸੈਨਿਕਾਂ ਦੀਆਂ ਕੁਰਬਾਨੀਆਂ ਜਿਕਰਯੋਗ ਹਨ। ਕਈ ਸੈਨਿਕ ਨਕਾਰਾ ਹੋਣ ਕਰਕੇ ਆਪਣੇ ਪਰਿਵਾਰਾਂ ਤੇ ਹੀ ਨਿਰਭਰ ਹੋ ਕੇ ਸਦਾ ਲਈ ਘਰੇ ਬੈਠ ਗਏ। ਭਾਵੇਂ ਸਰਕਾਰ ਵੱਲੋਂ ਅਜਿਹੇ ਪਰਿਵਾਰਾਂ ਅਤੇ ਨਕਾਰਾਂ ਸੈਨਿਕਾਂ ਨੂੰ ਸਮੇਂ-ਸਮੇਂ ਸਿਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪ੍ਰੰਤੂ ਦੇਸ਼ ਵਾਸੀ ਵੀ ਅਜਿਹੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਲਈ ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਂਦੇ ਹੋਏ ਦਿਲ ਖੋਲ੍ਹ ਦੇ ਦਾਨ ਦਿੰਦੇ ਹਨ ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਜੰਗ ਦੌਰਾਨ ਨਕਾਰਾ ਹੋਏ ਸੈਨਿਕਾਂ ਅਤੇ ਵਿਧਵਾਵਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਸਮੂਹ ਸਰਕਾਰੀ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੰਡੇ ਦੇ ਸਨਮਾਨ ਵਿਚ ਵਿੱਤੀ ਅੰਸ਼ਦਾਨ ਇਕੱਠਾ ਕੀਤਾ ਜਾਂਦਾ ਹੈ। ਇਕੱਤਰ ਹੋਈ ਰਾਸ਼ੀ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡ ਵੱਲੋਂ ਲਾਗੂ ਕੀਤੀਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਵਿਚ ਵਰਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਦਾਨ ਰਾਸ਼ੀ ਵਿੱਚੋਂ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਸੂਰਬੀਰ ਸੈਨਿਕਾਂ ਤੇ ਮਾਣ ਹੈ ਜਿੰਨ੍ਹਾਂ ਨੇ ਹੁਣ ਤੱਕ ਲੜੀਆਂ ਗਈਆਂ ਲੜਾਈਆਂ ਵਿੱਚ 4 ਪਰਮਵੀਰ ਚੱਕ, 5 ਅਸ਼ੋਕ ਚੱਦਰ, 42 ਮਹਾਂਵੀਰ ਚੱਕਰ, 30 ਕੀਰਤੀ ਚੱਕਰ, 210 ਵੀਰ ਚੱਕਰ, 170 ਸ਼ੌਰੀਆ ਚੱਕਰ ਅਤੇ ਬਹੁਤ ਸਾਰੇ ਹੋਰ ਪੁਰਸਕਾਰ ਹਾਸਲ ਕੀਤੇ ਹਨ।
ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੈਨਿਕਾਂ, ਸਾਬਕਾ ਸੈਨਿਕਾਂ, ਸ਼ਹੀਦ ਸੈਨਿਕਾਂ ਦੇ ਵਾਰਸਾਂ ਦੀ ਭਲਾਈ ਲਈ ਅੰਸ਼ਦਾਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ।