ਜਗਰਾਉਂ, 2 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਨਸ਼ਾ ਤਸਕਰਾਂ ਤੋਂ ਪੈਸੇ ਵਸੂਲਣ ਦੇ ਮਾਮਲੇ ‘ਚ ਸੁਰਖੀਆਂ ‘ਚ ਆਏ ਪੀਈਓ ਸਟਾਫ ਦੇ ਹੈੱਡ ਕਾਂਸਟੇਬਲ ਨੂੰ ਐੱਸਐੱਸਪੀ ਹਰਜੀਤ ਸਿੰਘ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪਿਛਲੇ ਦਿਨਾਂ ਤੋਂ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਸੀ। ਜਿਸ ਦੀ ਜਾਣਕਾਰੀ ਹਾਸਿਲ ਹੋਣ ਤੇ ਐਸ ਐੱਸ.ਪੀ ਹਰਜੀਤ ਸਿੰਘ ਵਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੀ.ਓ ਸਟਾਫ਼ ਦੇ ਹੈੱਡ ਕਾਂਸਟੇਬਲ ਸੁਖਦੀਪ ਸਿੰਘ ਵੱਲੋਂ ਨਸ਼ੇ ਦੇ ਸੌਦਾਗਰਾਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਅਤੇ ਪੁਲਿਸ ਦੀ ਵਰਦੀ ਦਾ ਰੌਬ ਦਿਖਾ ਕੇ ਪੈਸੇ ਵਸੂਲਣ ਬਾਰੇ ਸ਼ਹਿਰ ਵਿੱਚ ਚਰਚਾ ਚੱਲ ਰਹੀ ਸੀ। ਇਸ ਸਬੰਧੀ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਐਸ.ਐਸ.ਪੀ ਹਰਜੀਤ ਸਿੰਘ ਨੇ ਹੈੱਡ ਕਾਂਸਟੇਬਲ ਸੁਖਦੀਪ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਪੀ.ਓ ਸਟਾਫ਼ ਦੇ ਹੈੱਡ ਕਾਂਸਟੇਬਲ ਸੁਖਦੀਪ ਸਿੰਘ ਦੀਆਂ ਪੁਲਿਸ ਡਿਊਟੀ ਦੌਰਾਨ ਗਤੀਵਿਧੀਆਂ ਠੀਕ ਨਹੀਂ ਹਨ ਅਤੇ ਉਹ ‘ਤੇ ਇਲਾਕੇ ‘ਚ ਨਸ਼ੇ ਦਾ ਧੰੰਦਾ ਕਰਨ ਵਾਲਿਆਂ ਪਾਸੋਂ ਪੈਸਾ ਵਸੂਲਣ ਦੇ ਦੋਸ਼ ਲੱਗ ਰਹੇ ਸਨ। ਜਿਸ ਦੇ ਆਧਾਰ ‘ਤੇ ਪੀਓ ਸਟਾਫ਼ ਦੇ ਹੈੱਡ ਕਾਂਸਟੇਬਲ ਸੁਖਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ |
