Home ਖੇਤੀਬਾੜੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ :...

ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ : ਮੁੱਖ ਖੇਤੀਬਾੜੀ ਅਫਸਰ

61
0

–      ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਖੇਤੀ ਮਾਹਰਾਂ ਨੇ ਕਲੋਰੋਪੈਰੀਫਾਸ ਜਾਂ ਫਿਪਰੋਨਿੱਲ ਦਾ ਸਪਰੇਅ ਕਰਨ ਦੀ ਦਿੱਤੀ ਸਲਾਹ

ਫ਼ਤਹਿਗੜ੍ਹ ਸਾਹਿਬ, 2 ਦਸੰਬਰ:( ਰਾਜਨ ਜੈਨ, ਮਿਅੰਕ)-ਕਣਕ, ਸਰੋਂ ਅਤੇ ਗੰਨੇ ਦੀਆਂ ਫਸਲਾਂ ਤੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ: ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਜ਼ਿਲ੍ਹੇ ਵਿੱਚ ਕਣਕ, ਸਰੋਂ ਅਤੇ ਗੰਨੇ ਦੀ ਫਸਲ ਦੀ ਹਾਲਤ ਠੀਕ ਹੈ ਅਤੇ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਕੀੜੇ ਦੇ ਗੰਭੀਰ ਹਮਲੇ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਫਸਲਾਂ ਤੇ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ ਕੀਤਾ ਜਾਵੇ।ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫਸਲਾਂ ਦਾ ਸਰਵੇਖਣ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਬੀਬੀਪੁਰ, ਹਿੰਦੂਪੁਰ, ਦਾਦੂ ਮਾਜਰਾ, ਭਗੜਾਣਾ, ਬਡਾਲੀ ਆਲਾ ਸਿੰਘ, ਰਸੂਲਪੁਰ ਅਤੇ ਚੁੰਨੀ ਕਲਾਂ ਆਦਿ ਦਾ ਦੌਰਾ ਕੀਤਾ ਗਿਆ ਅਤੇ ਕਿਸੇ ਕਿਸੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਲਾਬੀ ਰੰਗ ਦੀਆਂ ਸੁੰਡੀਆਂ ਬੂਟੇ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਅਤੇ ਅੰਤ ਵਿੱਚ ਮਰ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦੀ ਘੜੀ ਇਸ ਸੁੰਡੀ ਦਾ ਨੁਕਸਾਨ ਫਸਲਾਂ ਉਪਰ ਘੱਟ ਹੈ ਅਤੇ ਕੀਟਨਾਸ਼ਕ ਵਰਤਣ ਦੀ ਲੋੜ ਨਹੀਂ ਹੈ।
ਡਾ: ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਇਸ ਕੀੜੇ ਦਾ ਹਮਲਾ ਖੇਤ ਵਿੱਚ ਪਾਇਆ ਜਾਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ । ਉਨ੍ਹਾਂ ਇਹ ਵੀ ਕਿਹਾ ਕਿ ਕੀੜੇ ਦਾ ਹਮਲਾ ਜੇਕਰ ਆਰਥਿਕ ਕਗਾਰ ਤੋਂ ਵੱਧ ਹੋਵੇ ਤਾਂ 01 ਲੀਟਰ ਕਲੋਰੋਪੈਰੀਫਾਸ ਜਾਂ 07 ਕਿਲੋ ਫਿਪਰੋਨਿੱਲ ਨੂੰ 20 ਕਿਲੋ ਮਿੱਟੀ ਵਿੱਚ ਰਲਾ ਕੇ ਖੇਤ ਵਿੱਚ ਛਿੱਟਾ ਦਿੱਤਾ ਜਾਵੇ ਅਤੇ ਹਲਕਾ ਪਾਣੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਤਜਰਬੇ ਤੋਂ ਵੇਖਿਆ ਗਿਆ ਹੈ ਕਿ ਫਸਲ ਨੂੰ ਪਾਣੀ ਲਗਾਉਣ ਅਤੇ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਕੀੜੇ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਇਸ ਮੌਕੇ ਖੇਤੀਬਾੜੀ ਅਧਿਕਾਰੀ ਜਸਵਿੰਦਰ ਸਿੰਘ, ਨਰਾਇਣ ਰਾਮ, ਪੁਨੀਤ ਕੁਮਾਰ ਅਤੇ ਅਗਾਂਹਵਧੂ ਕਿਸਾਨ ਗੁਰਬਚਨ ਸਿੰਘ, ਬਹਾਦਰ ਸਿੰਘ ਬੀਬੀਪੁਰ ਅਤੇ ਗੁਰਮੁੱਖ ਸਿੰਘ ਹਿੰਦੂਪੁਰ ਮੌਜੂਦ ਸਨ।

LEAVE A REPLY

Please enter your comment!
Please enter your name here