ਫਿਲੌਰ,26 ਨਵੰਬਰ, 2022 (ਪ੍ਰੋ. ਸ਼ਾਇਰ) ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਦੀ ਅਗਵਾਈ ਵਿੱਚ ਰਾਜਨੀਤੀ ਵਿਭਾਗ ਅਧੀਨ ਪ੍ਰੋ. ਬਬਿਤਾ ਕੁਮਾਰੀ ਦੇ ਮੰਚ ਸੰਚਾਲਨ ਹੇਠ ਰਾਸ਼ਟਰੀ ਸੰਵਿਧਾਨ ਦਿਹਾੜਾ ਮਨਾਇਆ ਗਿਆ। ਇਸ ਇਕ ਰੋਜ਼ਾ ਵਿਸ਼ੇਸ਼ ਸਮਾਗਮ ਵਿੱਚ ਐਡਵੋਕੇਟ ਸੰਜੀਵ ਕੁਮਾਰ ਭੌਰਾ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਉਨ੍ਹਾਂ ਭਾਰਤੀ ਸੰਵਿਧਾਨ ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ‘ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਜੋ ਆਪਣੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ। ਹਰ ਜਾਤ, ਕੌਮ ਅਤੇ ਕਬੀਲੇ ਨੂੰ ਸਮਾਨਤਾ ਦੀ ਨਜ਼ਰ ਨਾਲ਼ ਵੇਖਣ ਨੂੰ ਤਰਜੀਹ ਦਿੰਦਾ ਹੈ। ਇਸ ਮੌਕੇ ਐਡਵੋਕੇਟ ਭੌਰਾ ਹੁਰਾਂ ਡਰਾਫਟਿੰਗ ਕਮੇਟੀ, ਉਸਦੀਆਂ ਮੀਟਿੰਗਾਂ ਤੇ ਸੰਵਿਧਾਨ ਸੰਬੰਧੀ ਹੋਏ ਭਾਸ਼ਣਾ ਬਾਰੇ ਵੀ ਖੁੱਲ੍ਹੀ ਚਰਚਾ ਕੀਤੀ।
ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਏ ਮੁੱਖ ਵਕਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਡਵੋਕੇਟ ਸੰਜੀਵ ਕੁਮਾਰ ਭੌਰਾ ਹੁਰਾਂ ਬਾਖੂਬੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਪਣੇ ਸੰਵਿਧਾਨ ਪ੍ਰਤੀ ਚੇਤਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਿਆਰਥੀ ਹੀ ਦੇਸ਼ ਦਾ ਅਸਲ ਸਰਮਾਇਆ ਹੁੰਦੇ ਹਨ। ਵਿਦਿਆਰਥੀਆਂ ਨੂੰ ਸੰਵਿਧਾਨ ਦਾ ਵਿਹਾਰਕ ਪੱਖ ਤੋਂ ਖ਼ਿਆਲ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਸੰਵਿਧਾਨ ਦੀ ਮਰਿਆਦਾ ਬਣਾ ਕੇ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ‘ਏਕ ਭਾਰਤ ਸ਼ਰੇਸ਼ਟ ਭਾਰਤ’ ਦਾ ਅਸਲ ਮਕਸਦ ਅਨੇਕਤਾ ਵਿੱਚ ਏਕਤਾ ਨੂੰ ਪ੍ਰਨਾਏ ਹੋਣਾ ਹੈ। ਸਾਨੂੰ ਲੋਕਤੰਤਰੀ ਪ੍ਰਣਾਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਵਿਦੇਸ਼ਾਂ ਵੱਲ ਭੱਜਣ ਦੀ ਬਜਾਇ ਦੇਸ ਦੇ ਤੰਤਰ ਨੂੰ ਮਜ਼ਬੂਤ ਕਰਨ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਆਏ ਮੁੱਖ ਵਕਤੇ ਨਾਲ਼ ਵਿਚਾਰ ਚਰਚਾ ਕਰਕੇ ਆਪਣੇ ਸ਼ੰਕੇ ਦੂਰ ਕੀਤੇ। ਆਖ਼ਰ ਵਿਚ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਏ ਮੁੱਖ ਮਹਿਮਾਨ ਐਡਵੋਕੇਟ ਸੰਜੀਵ ਕੁਮਾਰ ਭੌਰਾ ਹੁਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।