ਦੇਸ਼ ਭਰ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਨੱਕ ’ਤੇ ਦਮ ਕਰ ਦਿੱਤਾ ਹੈ। ਇਨਾਂ ਉਤਪਾਦਾਂ ’ਚ ਪੈਟਰੋਲ ਅਚੇ ਡੀਜਲ ਦੀਆਂ ਕੀਮਤਾ ਵਿਚ ਜਦੋਂ ਵਾਧਾ ਜਾਂ ਘੱਟ ਕੀਤੀਆਂ ਜਾਂਦੀਆਂ ਹਨ ਤਾਂ ਇਸ ਸਿੱਧਾ ਅਸਰ ਹੇਠਲੇ ਪੱਧਰ ਤੱਕ ਆਮ ਆਦਮੀ ਤੇ ਪੈਂਦਾ ਹੈ ਕਿਉਂਕਿ ਜਿਆਦਾਤਰ ਪੈਟਰੋਲ ਅਤੇ ਡੀਜਲ ਦੀ ਵਰਤੋਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਮਾਲ Çਆਉਣ ਲਿਜਾਣ ਲਈ ਕੀਤੀ ਜਾਂਦੀ ਹੈ। ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਿਰਾਇਆ ਵਧਦਾ ਹੈ ਅਤੇ ਸਾਮਾਨ ਮਹਿੰਗਾ ਹੋ ਜਾਂਦਾ ਹੈ। ਇਸ ਸਮੇਂ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ। ਜਿੱਥੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਉੱਥੇ ਕੇਂਦਰ ਸਰਕਾਰ ਅਤੇ ਪੈਟਰੋਲੀਅਮ ਕੰਪਨੀਆਂ ਆਮ ਜਨਤਾ ਨੂੰ ਇਸ਼ਦਾ ਲਾਭ ਦੇਣ ਦੇ ਨਾਂ ’ਤੇ ਚੁੱਪ ਧਾਰੀ ਬੈਠੀਆਂ ਹਨ ਅਤੇ ਵਿਰੋਧੀ ਧਿਰ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਹਰ ਗੱਲ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਪ੍ਰਸਿੱਧ ਜਥੇਬੰਦੀਆਂ ਵੀ ਇਸ ਦਾ ਲਾਭ ਆਮ ਲੋਕਾਂ ਨੂੰ ਦੇਣ ਤੇ ਪਬਲਿਕ ਦੇ ਹਿੱਤਾਂ ਦੀ ਆਵਾਜ ਉਠਾਉਣ ਵਿਚ ਨਾਕਾਮ ਸਾਬਤ ਹੋ ਰਹੀਆਂ ਹਨ। ਜਿਸ ਕਾਰਨ ਕੇਂਦਰ ਸਰਕਾਰ ਮਨਮਾਨੇ ਫੈਸਲੇ ਲੈ ਰਹੀ ਹੈ ਅਤੇ ਆਮ ਜਨਤਾ ਦੁਖੀ ਹੋ ਰਹੀ ਹੈ। ਇਸ ਸਾਲ ਜੂਨ ਦੇ ਮਹੀਨੇ ਕੱਚੇ ਤੇਲ ਦੀ ਕੀਮਤ 116 ਡਾਲਰ ਪ੍ਰਤੀ ਬੈਰਲ ਸੀ ਪਰ ਇਸ ਮਹੀਨੇ ਕੱਚੇ ਤੇਲ ਦੀ ਕੀਮਤ ਘਟ ਕੇ 90 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਮਾਹਿਰਾਂ ਅਨੁਸਾਰ ਇਹ ਕੀਮਤ ਆਉਣ ਵਾਲੇ ਸਮੇਂ ’ਚ 70 ਡਾਲਰ ਦੇ ਨੇੜੇ ਰਹਿ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਕੱਚੇ ਤੇਲ ਦੀ ਕੀਮਤ 1 ਡਾਲਰ ਵਧਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 50-50 ਪੈਸੇ ਦਾ ਵਾਧਾ ਹੁੰਦਾ ਹੈ। ਹੁਣ ਜੇਕਰ ਕੱਚੇ ਤੇਲ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ, ਅਜਿਹੇ ’ਚ ਕੇਂਦਰ ਸਰਕਾਰ ਅਤੇ ਪੈਟਰੋਲੀਅਮ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਸ ਹਿਸਾਬ ਨਾਲ ਘੱਟ ਕਰਨ। ਕੱਚੇ ਤੇਲ ਦੇ 1 ਬੈਰਲ ’ਚ 159 ਲੀਟਰ ਕੱਚਾ ਤੇਲ ਹੁੰਦਾ ਹੈ ਅਤੇ ਇਸ ’ਚੋਂ 70 ਤੋਂ 75 ਲੀਟਰ ਪੈਟਰੋਲ, 40 ਤੋਂ 45 ਲੀਟਰ ਡੀਜ਼ਲ ਅਤੇ ਲਗਭਗ 15 ਲੀਟਰ ਏ.ਟੀ.ਐਸ ਅਤੇ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸਭ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ-ਘਾਟੇ ਦੇ ਹਿਸਾਬ ਨਾਲ ਵਧਦੀਆਂ ਘਟਦੀਆਂ ਰਹਿੰਦੀਆਂ ਹਨ। ਪਰ ਜਦੋਂ ਕੇਂਦਰ ਸਰਕਾਰ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਣ ਤੇ ਤੁਰੰਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਦਿੰਦੀ ਹੈ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹਨ ਤਾਂ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਚੁੱਪ ਹੋ ਜਾਂਦੀ ਹੈ। ਦੇਸ਼ ਦੀਆਂ ਹੋਰ ਵਿਰੋਧੀ ਪਾਰਟੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਸਰਕਾਰ ਨੂੰ ਮਜਬੂਰ ਕਰਨ, ਉਹ ਆਮ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਅਜਿਹੇ ਹਾਲਾਤ ਪੈਦਾ ਕਰਨ ਪਰ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਆਮ ਜਨਤਾ ਨੂੰ ਨਾਲ ਲੈ ਕੇ ਸੜਕਾਂ ’ਤੇ ਆਉਣ। ਪਰ ਵਿਰੋਧੀ ਪਾਰਟੀਆਂ ਇਸ ਗੰਭੀਰ ਮੁੱਦੇ ’ਤੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ। ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇ ਬਾਵਜੂਦ ਵੀ ਸਰਕਾਰ ਇਨ੍ਹਾਂ ਦੇ ਭਅ ਘੱਟ ਕਰਕੇ ਪਬਲਿਕ ਨੂੰ ਰਾਹਨ ਪ੍ਰਦਾਨ ਨਹੀਂ ਕਰ ਰਹੀ। ਕੱਚੇ ਤੇਲ ਦੀਆਂ ਮੌਜੂਦਾ ਸਮੇਂ ਅੰਦਰ ਘਟ ਰਹੀਆਂ ਕੀਮਤਾਂ ਦੇ ਮੱਦੇਨਜ਼ਕ ਕੇਂਦਰ ਸਰਕਾਰ ਤੁਰੱਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਕੇ ਪਬਲਿਕ ਨੂੰ ਰਾਹਤ ਪ੍ਰਦਾਨ ਕਰੇ।
ਹਰਵਿੰਦਰ ਸਿੰਘ ਸੱਗੂ ।