– 5 ਸਾਲ ਤੋਂ 15 ਸਾਲ ਦੀ ਉਮਰ ਦੌਰਾਨ ਬੱਚਿਆਂ ਦੀ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 09 ਦਸੰਬਰ: ( ਵਿਕਾਸ ਮਠਾੜੂ, ਮੋਹਿਤ ਜੈਨ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਨਿਰਵਿਘਨ ਲਾਭ ਲੈਣ ਲਈ ਆਪਣਾ ਮੋਬਾਇਲ ਨੰਬਰ ਅਤੇ ਹੋਰ ਜਰੂਰੀ ਦਸਤਾਵੇਜ ਆਪਣੇ ਆਧਾਰ ਕਾਰਡ ਨਾਲ ਅਪਡੇਟ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਸਕੀਮਾਂ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾਂ ਪਵੇ। ਡਿਪਟੀ ਕਮਿਸ਼ਨਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਕਿਹਾ ਕਿ ਆਮ ਲੋਕਾਂ ਦੇ ਮੋਬਾਇਲ ਨੰਬਰਾਂ ਅਤੇ ਹੋਰ ਦਸਤਾਵੇਜਾਂ ਨਾਲ ਆਧਾਰ ਲਿੰਕ ਕਰਨ ਲਈ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਦਿਹਾਤੀ ਖੇਤਰ ਦੇ ਲੋਕ ਆਪਣੇ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣਵਾਉਂਦੇ ਜਦੋਂ ਕਿ ਹਰੇਕ ਨਾਗਰਿਕ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਹ ਵੀ ਕਿਹਾ ਕਿ ਆਪਣੇ ਬੱਚਿਆਂ ਦੀ 5 ਸਾਲ ਤੋਂ 15 ਸਾਲ ਦੀ ਉਮਰ ਹੋਣ ਦੌਰਾਨ ਬਾਇਓਮੈਟ੍ਰਿਕ ਅਪਡੇਟ ਜਰੂਰ ਕਰਵਾਈ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿਥੇ ਰਿਕਾਰਡ ਅਪਡੇਟ ਰਹਿੰਦਾ ਹੈ ਉਥੇ ਹੀ ਜੇਕਰ ਕੋਈ ਸੋਧ ਜਾਂ ਅਪਡੇਟ ਹੋਣ ਤੋਂ ਰਹਿੰਦੀ ਹੋਵੇ, ਉਹ ਵੀ ਹੋ ਜਾਂਦੀ ਹੇ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਧਾਰ ਅਪਡੇਟ ਕਰਨ ਅਤੇ ਮੋਬਾਇਲ ਨੰਬਰਾਂ ਨਾਲ ਲਿੰਕ ਕਰਨ ਵਾਸਤੇ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ ਅਤੇ ਲੋਕਾਂ ਨੂੰ ਆਧਾਰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ਵਿੱਚ ਨਵ-ਜਨਮੇ ਅਤੇ ਹੋਰ ਉਮਰ ਦੇ ਬੱਚਿਆਂ ਦੇ ਆਧਾਰ ਬਣਾਉਣ ਲਈ ਆਧਾਰ ਕੈਂਪ ਲਗਾਏ ਜਾਣ।ਮੀਟਿੰਗ ਦੌਰਾਨ ਡਾਇਰੈਕਟਰ ਯੂ.ਆਈ.ਡੀ.ਏ.ਆਈ. ਸੰਜੀਵ ਮਹਾਜਨ ਨੇ ਆਧਾਰ ਨਾਮਾਂਕਣ ਦੀ ਸਥਿਤੀ ਅਤੇ ਈਕੋ ਸਿਸਟਮ ਨੂੰ ਹੋਰ ਮਜਬੂਤ ਕਰਨ ਦੀ ਵੀ ਸਮੀਖਿਆ ਕੀਤੀ ਅਤੇ ਆਧਾਰ ਪ੍ਰਮਾਣਿਕਤਾ ਤੇ ਆਧਾਰ ਆਫ ਲਾਇਨ ਵੈਰੀਫਿਕੇਸ਼ਨ ਲਈ ਕਿਊ.ਆਰ. (QR) ਕੋਡ ਦੀ ਵਰਤੋਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਰਨ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।