Home Chandigrah ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ

ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ

99
0


ਪਿਛਲੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਚਰਮਰਾਉਂਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਨਾਮੀ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਪੰਜਾਬ ਵਿੱਚ ਪਿਛਲੇ 1 ਮਹੀਨੇ ਵਿੱਚ ਤਿੰਨ ਵੱਡੇ ਕਤਲ ਹੋਏ ਹਨ। ਜਿਸ ਵਿੱਚ ਕੋਟਕਪੂਰਾ ਵਿੱਚ ਹਿੰਦੂ ਨੇਤਾ ਸੁਰੇਸ਼ ਸੂਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ, ਬੇਅਦਬੀ ਮਾਮਲੇ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਤੋਂ ਜਲੰਧਰ ਦੇ ਵਪਾਰੀ ਕੱਪੜਾ ਵਪਾਰੀ ਚਾਵਲਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀਆਂ ਇਨ੍ਹਾਂ ਸਾਰੀਆਂ ਵਾਰਦਾਤਾਂ ਦੀ ਜ਼ਿੰਮੇਵਾਰੀ ਗੈਂਗਸਟਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਲੈਂਦਿਆਂ ਇਨ੍ਹਾਂ ਵੱਡੀਆਂ ਵਾਰਦਾਤਾਂ ਦਰਮਿਆਨ ਪੁਲਸ ਨੂੰ ਵੀ ਖੁੱਲ੍ਹੇਆਮ ਚੁਣੌਤੀ ਦਿੱਤੀ ਜਾ ਰਹੀ ਹੈ। ਜਿਸ ’ਚ ਪਹਿਲਾਂ ਮੋਹਾਲੀ ਪੁਲਿਸ ਹੈਡਕਵਾਟਰ ’ਤੇ ਵੱਡਾ ਹਮਲਾ ਕੀਤਾ ਗਿਆ ਅਤੇ ਹੁਣ ਸ਼ੁੱਕਰਵਾਰ ਦੇਰ ਰਾਤ ਕਰੀਬ 12 ਵਜੇ ਜ਼ਿਲਾ ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਰਾਕੇਟ ਲਾਂਚਰ ਨਾਲ ਆਰ.ਪੀ.ਜੀ ਹਮਲਾ ਕੀਤਾ ਗਿਆ। ਜਿਕਰਯੋਗ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਏਜੰਸੀਆਂ ਨੇ ਪਹਿਲਾਂ ਹੀ ਹਾਈ ਅਲਰਟ ਜਾਰੀ ਕਰਕੇ ਇਸ ਥਾਣੇ ਨੂੰ ਲਿਖਤੀ ਸੂਚਨਾ ਤੱਕ ਦਿਤੀ ਸੀ। ਪਰ ਪੁਲਿਸ ਵਿਭਾਗ ਦੀ ਅਣਗਹਿਲੀ ਕਾਰਨ ਸ਼ਰਾਰਤੀ ਅਨਸਰ ਥਾਣੇ ਤੇ ਵੱਡਾ ਹਮਲਾ ਕਰਨ ਵਿਚ ਸਫਲ ਹੋ ਗਏ। ਜਿਸਨੇ ਇਕ ਵਾਰ ਫਿਰ ਤੋਂ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਪਸ਼ਟ ਕਰਕੇ ਰੱਖ ਦਿਤਾ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਭਾਰੀ ਸੁਰੱਖਿਆ ਦੇ ਬਾਵਜੂਦ ਅਪਰਾਧੀ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਵਿੱਚ ਦਿਨ ਦਿਹਾੜੇ ਸ਼ਰ੍ਹੇਆਮ ਕਤਲ ਕਰਦੇ ਹਨ ਅਤੇ ਪੁਲਿਸ ਹੈਡ ਕਵਾਟਰਾਂ ਅਤੇ ਥਾਣਿਆ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਪੁਲਿਸ ਨੂੰ ਚੈਲੰਜ ਕਰਦੇ ਹਨ ਤਾਂ ਫਿਰ ਆਮ ਜਨਤਾ ਦੀ ਸੁਰੱਖਿਆ ਦਾ ਮਤਲਬ ਸਮਝਿਆ ਜਾ ਸਕਦਾ ਹੈ। ਭਾਵੇਂ ਸਰਕਾਰ ਅਤੇ ਪੁਲਿਸ ਲਗਾਤਾਰ ਪੰਜਾਬ ਵਿਚ ਸ਼ਾਂਤੀ ਬਹਾਲ ਰੱਖਣ ਲਈ ਸਖਤ ਕਦਮ ਉਠਾਉਮ ਦੀ ਗਾਰੰਟੀ ਦਿੰਦੇ ਹਨ ਅਤੇ ਹਰ ਸਮੇਂ ਪੁਲਿਸਚੌਕਸੀ ਦੀ ਗੱਲ ਹੁੰਦੀ ਹੈ। ਪਰ ਜੇਕਰ ਪੁਲਿਸ ਦੀ ਇਸ ਤਰ੍ਹਾਂ ਅਮਨ-ਸ਼ਾਂਤੀ ਅਤੇ ਚੌਕਸੀ ਬਰਕਰਾਰ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਕੀ ਮੋੜ ਦੇਣਗੇ, ਇਹ ਦੱਸਣ ਦੀ ਕਿਸੇ ਨੂੰ ਲੋੜ ਨਹੀਂ। ਜਿਸ ਤਰ੍ਹਾਂ ਪੰਜਾਬ ਵਿੱਚ ਗੈਂਗਸਟਰ ਕਲਚਰ ਵੱਡਾ ਅਤੇ ਤਾਕਤਵਰ ਹੋ ਚੁੱਕਾ ਹੈ। ਇਹ ਘਟਨਾ ਉਸ ਦੀ ਪ੍ਰਤੱਖ ਇਸ ਗੱਲ ਦੀ ਮਿਸਾਲ ਹੈ ਕਿ ਇਹ ਲੋਕ ਕਿੰਨੇ ਤਾਕਤਵਰ ਹੋ ਗਏ ਹਨ ਅਤੇ ਇਨ੍ਹਾਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ, ਇਹ ਵੱਡੀ ਜਾਂਚ ਦਾ ਵਿਸ਼ਾ ਹੈ। ਜੇਕਰ ਇਸੇ ਤਰ੍ਹਾਂ ਪੰਜਾਬ ਵਿੱਚ ਬਿਨਾਂ ਕਿਸੇ ਝਿਜਕ ਦੇ ਕਤਲ ਹੁੰਦੇ ਰਹੇ ਅਤੇ ਥੁਦ ਪੁਲਿਸ ਵੀ ਅਪਰਾਧੀ ਅਨਸਰਾਂ ਦੇ ਹਮਲੇ ਦਾ ਸ਼ਿਕਾਰ ਹੁੰਦੀ ਰਹੀ ਤਾਂ ਆਮ ਲੋਕ ਸੁਰੱਖਿਆ ਦੀ ਭਾਵਨਾ ਬਰਕਰਾਰ ਨਹੀਂ ਰੱਖ ਸਕਣਗੇ। ਇਸ ਲਈ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਦਾ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਬਰਕਰਾਰ ਰਹੇ। ਪੰਜਾਬ ਦੀ ਪੁਲਿਸ ਦੇਸ਼ ਦੀਆਂ ਪੁਲਿਸ ਫੋਰਸਾਂ ਵਿਚ ਪਹਿਲੇ ਕਤਾਰ ਵਿਚ ਆਉਂਦੀ ਹੈ। ਅਜਿਹੇ ਹਾਲਾਤਾਂ ਨਾਲ ਅਤੇ ਅਪਰਾਧੀ ਅਨਸਰਾਂ ਨਾਲ ਨਿਪਟਣ ਲਈ ਪੁਲਿਸ ਨੂੰ ਹੋਰ ਆਧੁਨਿਕ ਹਥਿਆਰਾਂ ਅਤੇ ਸਹੂਲਤਾਂ ਨਾਲ ਲੈੱਸ ਕੀਤਾ ਜਾਵੇ। ਸੂਬੇ ਦੇ ਵਸਨੀਕਾਂ ਦੀ ਸੁਰੱਖਿਆ ਸਰਕਾਰ ਦੀ ਜਿੰਮੇਵਾਰੀ ਜਿਸਤੋਂ ਕੋਈ ਵੀ ਸਰਕਾਰ ਭੱਜ ਨਹੀਂ ਸਕਦੀ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here