ਜਗਰਾਓਂ, 4 ਜੁਲਾਈ ( ਮੋਹਿਤ ਜੈਨ, ਜਗਰੂਪ ਸੋਹੀ )-ਸਾਧਾਂ ਦਾ ਭੇਸ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਇੱਕ ਔਰਤ ਸਮੇਤ ਤਿੰਨ ਨੂੰ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਵਿੱਚ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ 18 ਦਸੰਬਰ 2022 ਨੂੰ ਗੁਰਨਾਮ ਸਿੰਘ ਵਾਸੀ ਕੱਚਾ ਕਿਲਾ ਵੱਲੋਂ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਸਾਧੂ ਦੇ ਭੇਸ ਵਿਚ ਸੋਨਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ 28 ਤੋਲੇ ਸੋਨਾ ਲੁੱਟ ਕੇ ਲੈ ਗਏ ਸਨ। ਇਸ ਮਾਮਲੇ ਦੀ ਜਾਂਚ ਕਰਦਿਆਂ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਔਰਤ ਪਰਮਜੀਤ ਕੌਰ, ਬਲਵੀਰ ਸਿੰਘ ਉਰਫ਼ ਬੀਰੂ ਵਾਸੀ ਮੁਹੱਲਾ ਰਾਮਪੁਰਾ ਨੇੜੇ ਸ਼ੇਰਪੁਰ ਫਾਟਕ ਦਾਣਾ ਮੰਡੀ ਜਗਰਾਉਂ ਅਤੇ ਅਸ਼ੋਕ ਵਾਸੀ ਪਿੰਡ ਸਲੇਮਪੁਰ ਥਾਣਾ ਸਿੱਧਵਾਂਬੇਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦੋ ਜੋੜੇ ਸੋਨੇ ਦੀਆਂ ਵਾਲੀਆਂ ਬਰਾਮਦ ਹੋਈਆਂ। ਉਨ੍ਹਾਂ ਨੂੰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।