ਸੁਨੀਲ ਜਾਖੜ ਲਈ ਕੰਢਿਆਂ ਦੇ ਤਾਜ ਤੋਂ ਘੱਟ ਨਹੀਂ ਹੋਵੇਗੀ ਭਾਜਪਾ ਪ੍ਰਧਾਨਗੀ
ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸ ਵਾਰ ਭਾਜਪਾ ਦਾ ਮੁੱਖ ਕੇਂਦਰ ਪੰਜਾਬ ਮੰਨਿਆ ਜਾ ਰਿਹਾ ਹੈ। ਜਿੱਥੇ ਉਹ ਆਪਣੇ ਲਈ ਜਮੀਨ ਤਲਾਸ਼ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਜਿਸ ਲਈ ਕਈ ਤਰ੍ਹਾਂ ਦੇ ਤਜਰਬੇ ਵੀ ਕੀਤੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਤਰੀਕੇ ਨਾਲ ਪੰਜਾਬ ’ਚ ਭਾਜਪਾ ਦੇ ਪੈਰ ਜਮਾਏ ਜਾ ਸਕਣ। ਇਸ ਵਾਰ ਭਾਜਪਾ ਪੰਜਾਬ ’ਚ ਨਵਾਂ ਦਾਅ ਖੇਡਣ ਜਾ ਰਹੀ ਹੈ। ਇਕ ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਥਾਪ ਦਿਤਾ ਗਿਆ ਹੈ। ਭਾਜਪਾ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਇਸ ਫੈਸਲੇ ਸੰਬੰਧੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਸੂਚਿਤ ਕਰ ਦਿਤਾ ਸੀ ਅਤੇ ਸੁਨੀਲ ਜਾਖੜ ਦੇ ਨਾਂ ’ਤੇ ਸਹਿਮਤੀ ਬਣੀ ਤਾਂ ਉਨ੍ਹਾਂ ਨੂੰ ਪ੍ਰਧਾਨਗੀ ਦਾ ਤਾਜ ਪਹਿਨਾ ਦਿਤਾ ਗਿਆ। ਪਰ ਸੁਨੀਲ ਜਾਖੜ ਲਈ ਇਹ ਪ੍ਰਧਾਨਗੀ ਦਾ ਤਾਜ ਕਢਿਆਂ ਦਾ ਤਾਜ ਸਾਬਿਤ ਹੋਵੇਗਾ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਟਕਸਾਲੀ ਕਾਂਗਰਸੀ ਪਰਿਵਾਰ ਦੇ ਸੁਨੀਲ ਜਾਖੜ ਜਾਖੜ ਖੁਦ ਅਤੇ ਉਸਦੇ ਪਿਤਾ ਬਲਰਾਮ ਜਾਖੜ ਕਾਂਗਰਸ ਪਾਰਟੀ ’ਚ ਅਹਿਮ ਅਹੁਦਿਆਂ ’ਤੇ ਰਹੇ ਹਨ। ਭਾਜਪਾ ’ਚ ਸ਼ਾਮਲ ਹੋਣ ਤੱਕ ਉਹ ਭਾਜਪਾ ਨੂੰ ਹਰ ਮੌਕੇ ਤੇ ਨਿਸ਼ਾਨਾ ਸਾਧਦੇ ਰਹੇ, ਉਹ ਭਾਜਪਾ ਨੂੰ ਦੇਸ਼ ਨੂੰ ਤੋੜਨ ਵਾਲੀ ਅਤੇ ਦੇਸ਼ ਨੂੰ ਤਬਾਹੀ ਵੱਲ ਲਿਜਾਣ ਵਾਲੀ ਪਾਰਟੀ ਕਰਾਰ ਦੇ ਰਹੇ ਸਨ। ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਕੇ ਉਸੇ ਪਾਰਟੀ ’ਚ ਸ਼ਾਮਲ ਹੋ ਗਏ, ਜਿਸਨੂੰ ਉਬ ਪਾਣੀ ਪੀ ਪੀ ਕੇ ਕੋਸਦੇ ਰਹੇ ਹਨ। ਹੁਣ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੀ ਕਥਿਤ ਵਾਸ਼ਿੰਗ ਮਸ਼ੀਨ ’ਚ ਪੈ ਕੇ ਜਾਖੜ ਸਾਹਿਬ ਪੂਰੀ ਤਰ੍ਹਾਂ ਭਾਜਪਾਈ ਹੋ ਗਏ। ਪਰ ਸੂਬੇ ’ਚ ਭਾਜਪਾ ਦੇ ਉਹ ਆਗੂ ਜਿਨ੍ਹਾਂ ਨੂੰ ਉਹ ਹਮੇਸ਼ਾ ਨਿਸ਼ਾਨੇ ’ਤੇ ਲੈਂਦੇ ਰਹੇ ਹਨ, ਇਹ ਗੱਲ ਕਿਵੇਂ ਹਜ਼ਮ ਕਰ ਸਕਣਗੇ ਅਤੇ ਸੁਨੀਲ ਜਾਖੜ ਵਰਗੇ ਨੇਤਾ ਜੋ ਭਾਜਪਾ ਨੂੰ ਹਰ ਸਮੇਂ ਮਾੜਾ ਬੋਲਣ ਵਾਲੇ ਕਿਰਦਾਰ ਦੇ ਰਹੇ ਹਨ, ਹੁਣ ਉਹੀ ਪਾਰਟੀ ਨੂੰ ਸੰਗਠਿਤ ਕਰਨ ਲਈ ਅਤੇ ਲੋਕਾਂ ਵਿੱਚ ਕਿਵੇਂ ਜਾਣਗੇ ? ਹੁਣ ਜੇਕਰ ਸੁਨੀਲ ਜਾਖੜ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਬਣਾ ਹੀ ਦਿਤਾ ਗਿਆ ਹੈ ਤਾਂ ਉਹ ਭਾਜਪਾ ਲਈ ਨਵਾਂ ਕੀ ਕਰ ਸਕਣਗੇ। ਆਉਣ ਵਾਲੇ ਦਿਨਾਂ ਵਿਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਫਿਰ ਤੋਂ ਗਠਜੋੜ ਕਰਨ ਜਾ ਰਹੀ ਹੈ ਤਾਂ ਜਾਥੜ ਅਕਾਲੀ ਦਲ ਦੇ ਨੇਤਾਵਾਂ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ ਅਤੇ ਉਨ੍ਹਾਂ ਨਾਲ ਮੰਚ ਸਾਂਝਾ ਕਰਨਗੇ। ਪੰਜਾਬ ’ਚ ਬੀਜੇਪੀ ਦੀ ਬੇੜੀ ਨੂੰ ਕਿਸ ਤਰ੍ਵਾਂ ਪਾਰ ਲਗਾਉਣਗੇ , ਇਸ ਸਵਾਲ ਦਾ ਜਵਾਬ ਵੀ ਹਰ ਕੋਈ ਚਾਹੁੰਦਾ ਹੈ । ਜਿਸ ਤਰੀਕੇ ਨਾਲ ਪੰਜਾਬ ਨੂੰ ਲਗਾਤਾਰ ਭਾਜਪਾ ਵਲੋਂ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਜਾਖੜ ਕਾਂਗਰਸ ਵਿਚ ਹੁੰਦੇ ਤਾਂ ਭਾਜਪਾ ਨੂੰ ਬਪ ਮੁੱਦੇ ਤੇ ਧੇਰਦਜੇ ਪਰ ਹੁਣ ਭਾਜਪਾ ਵਿਚ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਦੇ ਹਿਤਾਂ ਦੀ ਗੱਲ ਕਰਨ ਦੇ ਬਜਾਏ ਚੁੱਪੀ ਸਾਧਣੀ ਪੈ ਰਹੀ ਹੈ ਅਤੇ ਭਾਜਪਾ ਦੀ ਹਾਂ ਵਿਚ ਹਾਂ ਮਿਲਾਉਣੀ ਪੈ ਰਹੀ ਹੈ। ਮੌਜੂਦਾ ਹਾਲਾਤਾਂ ਅਨੁਸਾਰ ਪੰਜਾਬ ’ਚ ਭਾਜਪਾ ਦੀ ਬੇੜੀ ਭਾਵੇਂ ਸੁਨੀਲ ਜਾਖੜ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਕੇਂਦਰ ਦਾ ਕੋਈ ਵੱਡਾ ਮੰਤਰੀ ਪੰਜਾਬ ’ਚ ਲਿਆ ਕੇ ਬਿਠਾ ਦਿਤਾ ਜਾਵੇ , ਉਹ ਸਾਰੇ ਹੀ ਪੰਜਾਬ ’ਚ ਭਾਜਪਾ ਦੀ ਬੇੜੀ ਨੂੰ ਪਾਰ ਨਹੀਂ ਲਗਾ ਸਕਣਗੇ। ਇਥੇ ਇਕ ਗੱਲ ਹੋਰ ਵੀ ਮਹਤੱਵ ਪੂਰਣ ਅਤੇ ਦੇਖਣ ਵਾਲੀ ਹੈ ਕਿ ਜਦੋਂ ਵੀ ਕੋਈ ਵੱਡਾ ਨੇਤਾ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ’ਚ ਚਲੇ ਗਏ ਤਾਂ ਉਸਨੂੰ ਸ਼ੁਰੂਆਤੀ ਦੌਰ ’ਚ ਕੁਝ ਅਹਿਮੀਅਤ ਜ਼ਰੂਰ ਦਿੱਤੀ ਜਾਂਦੀ ਹੈ, ਪਰ ਹੌਲੀ-ਹੌਲੀ ਜਦੋਂ ਸਮਾਂ ਬੀਤਦਾ ਜਾਂਦਾ ਹੈ ਤਾਂ ਉਸ ਦੀ ਪੁੱਛ-ਪੜਤਾਲ ਖਤਮ ਹੋ ਜਾਂਦੀ ਹੈ ਅਤੇ ਉਹ ਕਿਸੇ ਵੀ ਘਾਟ ਜੋਗੇ ਨਹੀਂ ਰਹਿੰਦੇ। ਅਜਿਹੇ ਲੋਕ ਇੱਕ ਛੋਟੀ ਜਿਹੀ ਗਲਤੀ ਕਰਕੇ ਆਪਣਾ ਵੱਡਾ ਸਿਆਸੀ ਕੈਰੀਅਰ ਬਰਬਾਦ ਕਰ ਦਿੰਦੇ ਹਨ। ਇਸ ਲਈ ਜੋ ਆਗੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ 2024 ਦੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕੈਰੀਅਰ ਪੂਰੀ ਤਰ੍ਹਾਂ ਨਾਲ ਦਾਅ ਤੇ ਲੱਗ ਜਾਵੇਗਾ। ਹੁਣ ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਬਣੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਭਾਜਪਾ ਦੀ ਮੌਜੂਦਾ ਇਕਾਈ ਨੂੰ ਇਕੱਠਾ ਕਰਨਾ ਹੋਵੇਗਾ, ਪਿੰਡ ਪੱਧਰ ਤੱਕ ਨਵੀਂ ਇਕਾਈ ਬਣਾਉਣਾ ਇਕ ਵੱਡੀ ਚੁਣੌਤੀ ਹੋਵੇਗੀ। ਇੰਨੇ ਥੋੜ੍ਹੇ ਸਮੇਂ ਵਿਚ ਉਹ ਭਾਜਪਾ ਨੂੰ ਇਕ ਧਾਗੇ ਵਿਚ ਕਿਵੇਂ ਪਰੋਣਗੇ ਅਤੇ ਪੰਜਾਬ ਵਿਚ ਭਾਜਪਾ ਲਈ ਕਿਵੇਂ ਸੰਕਟ ਮੋਚਕ ਸਾਬਤ ਹੋਣਗੇ ਇਹ ਆਉਣ ਵਾਲੇ ਸਮੇਂ ਵਿਚ ਪਤਾ ਲੱਗ ਸਕੇਗਾ। ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੀ ਪ੍ਰਦਾਨਗੀ ਜਾਖੜ ਦੇ ਸਿਰ ਤੇ ਕੰਢਿਆਂ ਭਰਿਆ ਤਾਜ ਹੈ।
ਹਰਵਿੰਦਰ ਸਿੰਘ ਸੱਗੂ।