ਜਗਰਾਉ, 25 ਦਸੰਬਰ (ਪ੍ਰਤਾਪ ਸਿੰਘ): ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ) ਵਿਖੇ ਸਮਾਗਮ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਕੌਂਸਲਰ ਬੀਬੀ ਰਜਿੰਦਰ ਕੌਰ ਠੁਕਰਾਲ, ਬੀਬੀ ਰਵਿੰਦਰ ਕੌਰ, ਬੀਬੀ ਅਰਵਿੰਦਰ ਕੌਰ, ਬੱਚੀ ਜਪਜੀਤ ਕੌਰ ਨੇ ਬਹੁਤ ਹੀ ਵੈਰਾਗ ਮਈ ਸ਼ਬਦਾਂ ਦਾ ਗਾਇਨ ਕੀਤਾ। ਸੰਗਤਾਂ ਦੀ ਮੰਗ ਤੇ ਉਹਨਾਂ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਸੰਗਤਾਂ ਨੂੰ ਸਰਵਣ ਕਰਾਇਆ। ਉਪਰੰਤ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਬੱਚਿਆਂ ਗੁਰਕੰਵਲ ਕੌਰ ਤੇ ਜੁਝਾਰ ਸਿੰਘ ਨੇ ਸਾਹਿਬਜਾਦਿਆ ਦੇ ਇਤਿਹਾਸ ਨੂੰ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤਾ। ਵੈਰਾਗ ਵਿੱਚ ਭਿਜੀਆਂ ਸੰਗਤਾਂ ਨੇ ਖ਼ੂਬ ਜੈਕਾਰੇ ਛੱਡੇ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਦੇ ਸੇਵਾਦਾਰ ਪ੍ਰਤਾਪ ਸਿੰਘ ਨੇ ਆਖਿਆ ਕਿ ‘ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ‘ਜੇ ਅੱਜ ਸਾਰੇ ਧਰਮਾਂ ਦੇ ਲੋਕ ਧਾਰਮਿਕ ਰੰਗਤ ਵਿੱਚ ਰੰਗੇ ਖੁੱਲ੍ਹੀ ਫਿਜ਼ਾ ਵਿਚ ਵਿਚਰ ਰਹੇ ਹਨ ਤਾਂ ਇਹ ਸਭ ਦਸਮੇਸ਼ ਪਿਤਾ ਜੀ ਸਦਕਾ ਹੈ। ਜੇ ਦਸ਼ਮੇਸ਼ ਪਿਤਾ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਨਾ ਤੋਰਦੇ ਅਤੇ ਆਪਣਾ ਸਰਬੰਸ ਨਾ ਵਾਰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਇਨ੍ਹਾਂ ਸਮਾਗਮਾਂ ਵਿਚ ਬਿੰਦਰਾ ਪਰਿਵਾਰ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। ਸੰਗਤਾਂ ਵਿੱਚ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਨਣ ਵਾਲਿਆਂ ਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪਿਰਥਵੀਪਾਲ ਸਿੰਘ ਚਡਾ, ਤਰਲੋਕ ਸਿੰਘ ਸਿਡਾਨਾ, ਗੁਰਮੀਤ ਸਿੰਘ ਬਿੰਦਰਾ, ਇੰਦਰਪਾਲ ਸਿੰਘ ਵਛੇਰ, ਪ੍ਰਿਤਪਾਲ ਸਿੰਘ ਲੱਕੀ, ਪ੍ਰਭਜੋਤ ਸਿੰਘ ਬੱਬਰ, ਜਤਵਿੰਦਰਪਾਲ ਸਿੰਘ ਜੇ ਪੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਗੁਰਦੀਪ ਸਿੰਘ ਦੁਆ, ਅਮਰਜੀਤ ਸਿੰਘ ਉਬਰਾਏ, ਪ੍ਰੀਤਮ ਕੌਰ, ਭੁਪਿੰਦਰ ਕੌਰ ਤੇ ਰਵਿੰਦਰ ਕੌਰ ਆਦਿ ਹਾਜ਼ਰ ਸਨ।
