ਤਰਨਤਾਰਨ,2 ਜੂਨ (ਅਨਿਲ – ਸੰਜੀਵ) : ਤਰਨਤਾਰਨ ਜ਼ਿਲ੍ਹੇ ’ਚ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਮਾਂ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਪਹਿਲੀ ਘਟਨਾ ਸ਼ਨਿਚਰਵਾਰ ਦੁਪਹਿਰੇ ਕਰੀਬ ਡੇਢ ਵਜੇ ਪਿੰਡ ਘਸੀਟਪੁਰਾ ਕੋਲ ਵਾਪਰੀ ਜਿੱਥੇ ਮਾਂ ਪੁੱਤ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਜਦੋਂਕਿ ਦੂਸਰੀ ਘਟਨਾ ਤਰਨਤਾਰਨ-ਪੱਟੀ ਮਾਰਗ ’ਤੇ ਵਾਪਰੀ ਜਿੱਥੇ ਬਾਈਕ ਸਵਾਰ ਵਿਅਕਤੀ ਮੌਤ ਦੇ ਮੂੰਹ ਚਲਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਲਏ ਹਨ।ਸਤਨਾਮ ਸਿੰਘ ਸੱਤਾ ਵਾਸੀ ਦੌਲੇਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ, ਹਰਮਨ ਸਿੰਘ ਅਤੇ ਭਰਜਾਈ ਸੁਖਵਿੰਦਰ ਕੌਰ ਦਵਾਈ ਲੈਣ ਵਾਸਤੇ ਮੋਟਰਸਾਈਕਲ ’ਤੇ ਪਿੰਡ ਕੰਗ ਵੱਲ ਜਾ ਰਹੇ ਸੀ। ਜਦੋਂ ਉਹ ਪਿੰਡ ਘਸੀਟਪੁਰ ਕੋਲ ਪੁੱਜੇ ਤਾਂ ਤਰਨਤਾਰਨ ਵੱਲੋਂ ਆ ਰਹੇ ਟਾਟਾ ਏਸ ਟੈਂਪੂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਰ ਕੇ ਬਾਈਕ ਸਵਾਰ ਤਿੰਨੇ ਜਣੇ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਜ਼ਖਮੀ ਹੋ ਗਏ। ਸਿਰ ’ਤੇ ਸੱਟ ਲੱਗਣ ਕਰ ਕੇ ਉਸ ਦੇ ਭਤੀਜੇ ਅੰਮ੍ਰਿਤਪਾਲ ਸਿੰਘ (16) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਸਰੇ ਭਤੀਜੇ ਹਰਮਨ ਸਿੰਘ ਅਤੇ ਭਰਜਾਈ ਸੁਖਵਿੰਦਰ ਕੌਰ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਟਾਟਾ ਏਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।ਇਸੇ ਤਰ੍ਹਾਂ ਸੁਭਾਸ਼ ਵਾਸੀ ਸਹਾਰਨਪੁਰ ਜ਼ਿਲ੍ਹਾ ਜੋ ਹੁਣ ਪਿੰਡ ਲੋਹੁਕਾ ਵਿਖੇ ਰਹਿੰਦਾ ਹੈ, ਨੇ ਦੱਸਿਆ ਕਿ ਉਸ ਨੇ ਗੰਨੇ ਦਾ ਵੇਲਣਾ ਪਿੰਡ ਲੋਹੁਕਾ ਵਿਖੇ ਲਗਾਇਆ ਹੋਇਆ ਹੈ। ਬੀਤੀ ਸ਼ਾਮ ਕਰੀਬ 8 ਵਜੇ ਉਹ ਤੇ ਉਸ ਦਾ ਦੋਸਤ ਕਿਸ਼ਨ ਵਾਸੀ ਪਿੰਡ ਲੋਹੁਕਾ ਜੋ ਪਖਾਨਿਆਂ ਵਾਲੇ ਪੋਰੇ ਬਣਾਉਣ ਦਾ ਕੰਮ ਕਰਦਾ ਹੈ, ਮੋਟਰਸਾਈਕਲ ’ਤੇ ਪਿੰਡ ਜੰਡੋਕੇ ਤੋਂ ਕੰਮਕਾਰ ਕਰਕੇ ਪਿੰਡ ਲੋਹੁਕਾ ਜਾ ਰਹੇ ਸੀ। ਜਦੋਂ ਉਹ ਪਿੰਡ ਜੰਡੋਕੇ ਤੋਂ ਪੱਟੀ ਮਾਰਗ ’ਤੇ ਚੜ੍ਹਨ ਲੱਗੇ ਤਾਂ ਤਰਨਤਾਰਨ ਵਾਲੇ ਪਾਸੇ ਤੋਂ ਆ ਰਹੇ ਬਲੈਰੋ ਮੈਕਸੀ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕੌਰਾਨ ਉਹ ਦੋਵੇਂ ਜਣੇ ਸੜਕ ’ਤੇ ਜਾ ਡਿੱਗੇ। ਕਿਸ਼ਨ ਸਿੰਘ ਦੇ ਸਿਰ ਅਤੇ ਲੱਤਾਂ ’ਤੇ ਗੰਭੀਰ ਸੱਟਾਂ ਲੱਗਣ ਕਰ ਕੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਕਿਸ਼ਨ ਸਿੰਘ (46) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏਐੱਸਆਈ ਗੁਰਪਾਲ ਸਿੰਘ ਇੰਚਾਰਜ ਚੌਕੀ ਨੌਸ਼ਹਿਰਾ ਪਨੂੰਆਂ ਨੇ ਦੱਸਿਆ ਕਿ ਬਲੈਰੋ ਮੈਕਸੀ ਟਰੱਕ ਦੇ ਚਾਲਕ ਮੇਜਰ ਸਿੰਘ ਵਾਸੀ ਲੋਹੁਕਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।