ਜਗਰਾਉਂ, 27 ਦਸੰਬਰ ( ਰੋਹਿਤ ਗੋਇਲ, ਅਸ਼ਵਨੀ )-ਪ੍ਰਸਿੱਧ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਪ੍ਰਧਾਨ ਨਰੇਸ਼ ਗੁਪਤਾ ਦੀ ਅਗਵਾਈ ਹੇਠ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਇਸ ਸੰਘਣੀ ਧੁੰਦ ਅਤੇ ਕੜਕਦੀ ਠੰਢ ਤੋਂ ਬਚਾਉਣ ਲਈ ਗਰਮ ਕੰਬਲ, ਜਰਸੀਆਂ, ਜੁਰਾਬਾਂ ਅਤੇ ਬੂਟ ਵੰਡੇ ਗਏ। ਇਸ ਮੌਕੇ ਪ੍ਰਧਾਨ ਨਰੇਸ਼ ਗੁਪਤਾ ਨੇ ਕਿਹਾ ਕਿ ਸੇਵਾ ਭਾਰਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉੱਥੇ ਹੀ ਸਕੂਲਾਂ ਦੀਆਂ ਇਮਾਰਤਾਂ ਦਾ ਵੀ ਆਧੁਨਿਕੀਕਰਨ ਕਰਕੇ ਉਨ੍ਹਾਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਜੋ ਗਰੀਬ ਲੋਕਾਂ ਦੇ ਬੱਚੇ ਪੜ੍ਹ ਸਕਣ। ਇਹਨਾਂ ਸਕੂਲਾਂ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਸੇਵਾ ਭਾਰਤੀ ਝੁੱਗੀ ਝੌਂਪੜੀ ਵਾਲਿਆਂ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਜਿਸ ਕਾਰਨ ਸੰਸਥਾ ਦੇ ਕਈ ਝੁੱਗੀਆਂ ਵਿੱਚ ਸਕੂਲ ਵੀ ਚਲਾਏ ਜਾ ਰਹੇ ਹਨ। ਜਿਸ ਵਿੱਚ ਇਨ੍ਹਾਂ ਲੋਕਾਂ ਦੇ ਬੱਚੇ ਗੰਦਗੀ ਵਿੱਚੋਂ ਕਾਗਜ਼ ਚੁੱਕਣ ਦੀ ਬਜਾਏ ਆਪਣੇ ਬੈਗ ਵਿੱਚ ਕਿਤਾਬਾਂ ਰੱਖ ਕੇ ਪੜ੍ਹਦੇ ਨਜ਼ਰ ਆ ਰਹੇ ਹਨ। ਸੇਵਾ ਭਾਰਤੀ ਵਲੋਂ ਇਲਾਕੇ ਦੇ ਲੋੜਵੰਦ ਲੋਕਾਂ ਦੀ ਸਮੇਂ-ਸਮੇਂ ’ਤੇ ਹੋਰ ਤਰੀਕਿਆਂ ਨਾਲ ਮਦਦ ਕਰਦੀ ਹੈ। ਇਹ ਸੇਵਾ ਇਲਾਕੇ ਦੀਆਂ ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ। ਇਸ ਮੌਕੇ ਸੇਵਾ ਭਾਰਤੀ ਦੇ ਚੇਅਰਮੈਨ ਰਵਿੰਦਰ ਵਰਮਾ, ਪ੍ਰਿੰਸੀਪਲ ਨਰੇਸ਼ ਗੁਪਤਾ, ਸਕੱਤਰ ਐਡਵੋਕੇਟ ਨਵੀਨ ਗੁਪਤਾ ਅਤੇ ਕੈਸ਼ੀਅਰ ਰਾਕੇਸ਼ ਸਿੰਗਲਾ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।
